ਪਟਿਆਲਾ : ਪੰਜਾਬ ਸਰਕਾਰ ਸਿਹਤ ਵਿਭਾਗ ਦੇ ਹੁਕਮਾਂ ਅਨੁਸਾਰ ਲੋਕਾਂ ਨੂੰ ਸਾਫ਼ ਸੁਥਰਾ ਖਾਧ ਪਦਾਰਥ ਮੁਹੱਈਆ ਕਰਵਾਉਣ, ਖਾਧ ਪਦਾਰਥਾਂ ਵਿੱਚ ਹੁੰਦੀ ਮਿਲਾਵਟਖੋਰੀ ਨੂੰ ਰੋਕਣ ਲਈ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਸਮੇਂ ਸਮੇਂ ਤੇ ਮਿਲਾਵਟੀ ਵਸਤਾਂ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਂਦੀ ਹੈ। ਇਸੇ ਕੜੀ ਤਹਿਤ ਜ਼ਿਲ੍ਹਾ ਸਿਹਤ ਅਧਿਕਾਰੀ ਡਾਕਟਰ ਵਿਜੇ ਕੁਮਾਰ ਜਿੰਦਲ ਅਤੇ ਫੂਡ ਸੇਫ਼ਟੀ ਅਫ਼ਸਰ ਜਸਵਿੰਦਰ ਸਿੰਘ ਦੀ ਟੀਮ ਵੱਲੋਂ ਸ਼ਿਕਾਇਤ ਪ੍ਰਾਪਤ ਹੋਣ ਉਪਰੰਤ ਨਰਾਇਣ ਜਰਨਲ ਸਟੋਰ ਤੇ ਖਾਦ ਪਦਾਰਥਾਂ ਦੀ ਚੈਕਿੰਗ ਕੀਤੀ ਗਈ। ਉਹਨਾਂ ਦੱਸਿਆ ਕਿ ਸ਼ਿਕਾਇਤ ਕਰਤਾ ਵੱਲੋਂ 14 ਅਪ੍ਰੈਲ ਨੂੰ ਨਰਾਇਣ ਜਰਨਲ ਸਟੋਰ ਤੋਂ ਚਾਕਲੇਟ, ਜੂਸ ਅਤੇ ਸਨੈਕਸ ਵਾਲਾ ਗਿਫ਼ਟ ਪੈਕ ਖ਼ਰੀਦਿਆ ਸੀ। ਗਿਫ਼ਟ ਪੈਕ ਦੀਆਂ ਵਸਤਾਂ ਦੀ ਮਿਆਦ ਪੁੱਗ ਚੁੱਕੀ ਹੋਣ ਕਾਰਨ ਪਰਿਵਾਰ ਦੇ ਬੱਚਿਆਂ ਨੂੰ ਸਿਹਤ ਸਬੰਧੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਅਤੇ ਡੀਐਮਸੀ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ।
ਸ਼ਿਕਾਇਤ ਤੇ ਤੁਰੰਤ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਸਿਹਤ ਵਿਭਾਗ ਦੀ ਟੀਮ ਵੱਲੋਂ ਪੁਲਿਸ ਪਾਰਟੀ ਅਤੇ ਸ਼ਿਕਾਇਤ ਕਰਤਾ ਦੀ ਹਾਜ਼ਰੀ ਵਿੱਚ ਦੁਕਾਨ ਦੀ ਬਰੀਕੀ ਨਾਲ ਜਾਂਚ ਕੀਤੀ ਗਈ ਅਤੇ ਖਾਣ ਵਾਲੀਆਂ ਵਸਤਾਂ ਦੇ ਸੱਤ ਸੈਂਪਲ ਲਏ ਗਏ, ਜਿਨ੍ਹਾਂ ਵਿੱਚ ਡੇਅਰੀ ਮਿਲਕ ਚਾਕਲੇਟ, 2 ਬੇਲ ਪੂਰੀ ਮਿਸ਼ਰਣ, ਮਾਰਬਲ ਕੇਕ, ਚਾਕਲੇਟ ਦਾ ਸਵਾਦ, ਗੁਲਾਬ ਜਾਮਨ, ਡੇਅਰੀ ਮਿਲਕ ਚਾਕਲੇਟ ਫਰੂਟ ਐਂਡ ਨਟਸ, ਮਾਫੀਨ ਚਾਕਲੇਟ ਸ਼ਾਮਲ ਹਨ ਅਤੇ ਬਾਕੀ ਰਹਿੰਦੀਆਂ 27 ਖਾਣ ਪੀਣ ਵਾਲੀਆਂ ਵਸਤੂਆਂ ਨੂੰ ਜ਼ਬਤ ਕਰ ਲਿਆ ਜੋ ਕਿ ਮਿਆਦ ਪੁਗਾ ਚੁੱਕੀਆਂ ਸਨ। ਲਏ ਗਏ ਸੈਂਪਲ ਜਾਂਚ ਲਈ ਲੈਬ ਵਿੱਚ ਭੇਜ ਦਿੱਤੇ ਗਏ ਹਨ। ਸੈਂਪਲਾਂ ਦੀ ਰਿਪੋਰਟ ਦੇ ਅਧਾਰ ਤੇ ਸਬੰਧਤ ਮਾਲਕ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹੇ ਵਿੱਚ ਖਾਦ ਪਦਾਰਥਾਂ ਦੀ ਸ਼ਿਕਾਇਤ ਸਬੰਧੀ ਸੂਚਨਾ ਦਫ਼ਤਰ ਸਿਹਤ ਵਿਭਾਗ ਪਟਿਆਲਾ ਨੂੰ ਦਿੱਤੀ ਜਾ ਸਕਦੀ ਹੈ।