ਮਾਲੇਰਕੋਟਲਾ : ਇਸ ਵਾਰ ਵਿਆਹਾਂ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਸੋਨੇ ਦੀਆਂ ਕੀਮਤਾਂ ਅਸਮਾਨ ਛੂਹਣ ਲੱਗੀਆਂ ਹਨ। ਬਾਜ਼ਾਰ ਵਿੱਚ ਇੱਕ ਤੋਲਾ (10 ਗ੍ਰਾਮ) 24 ਕੈਰੇਟ ਸੋਨੇ ਦੀ ਕੀਮਤ 76 ਹਜ਼ਾਰ ਰੁਪਏ ਨੂੰ ਜਾ ਢੁੱਕੀ। ਜੇਕਰ ਸੋਨੇ ਦੀਆਂ ਕੀਮਤਾਂ ਇਸੇ ਤਰ੍ਹਾਂ ਵਧਦੀਆਂ ਰਹੀਆਂ ਤਾਂ ਵਿਆਹਾਂ ਦੀ ਲਾਗਤ ਕਾਫ਼ੀ ਵਧ ਜਾਵੇਗੀ।ਸਰਾਫ਼ਾ ਕਾਰੋਬਾਰੀਆਂ ਮੁਤਾਬਕ ਪਿਛਲੇ ਛੇ ਮਹੀਨਿਆਂ 'ਚ ਸੋਨੇ ਦੀਆਂ ਕੀਮਤਾਂ 'ਚ ਕਰੀਬ 25 ਫ਼ੀਸਦ ਵਾਧਾ ਹੋਇਆ ਹੈ। ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਦਾ ਮੁੱਖ ਕਾਰਨ ਅੰਤਰਰਾਸ਼ਟਰੀ ਬਾਜ਼ਾਰ 'ਚ ਹੋ ਰਹੇ ਬਦਲਾਅ ਨੂੰ ਮੰਨਿਆ ਜਾ ਰਿਹਾ ਹੈ। ਸੋਨੇ ਦੇ ਲੈਣ ਦੇਣ ਲਈ ਵਿਸ਼ਵ ਦਾ ਪ੍ਰਮੁੱਖ ਪਲੇਟਫਾਰਮ ਲੰਡਨ ਬੁਲੀਅਨ ਮਾਰਕੀਟ ਹੈ ਜਿੱਥੇ ਦੁਨੀਆ ਭਰ ਵਿੱਚ ਸੋਨੇ ਦੀਆਂ ਕੀਮਤਾਂ ਤੈਅ ਹੁੰਦੀਆਂ ਹਨ। ਇਸ ਦੇ ਨਾਲ ਹੀ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਵਿੱਚ ਗਿਰਾਵਟ ਵੀ ਸੋਨੇ ਦੀਆਂ ਵਧਦੀਆਂ ਕੀਮਤਾਂ ਦਾ ਇੱਕ ਵੱਡਾ ਕਾਰਨ ਹੈ। ਸਰਾਫ਼ਾ ਕਾਰੋਬਾਰੀਆਂ ਮੁਤਾਬਕ ਕੀਮਤਾਂ ਵਧਣ ਦਾ ਮੁੱਖ ਕਾਰਨ ਵਿਆਹਾਂ ਵਿੱਚ ਸੋਨੇ ਦੀ ਖ਼ਪਤ ਹੈ। ਲੋਕ ਸੁਰੱਖਿਅਤ ਨਿਵੇਸ਼ ਵਿਕਲਪ ਵਜੋਂ ਵੀ ਸੋਨੇ ਨੂੰ ਚੁਣਦੇ ਹਨ। ਪੂਰੇ ਰਾਜ ਵਿੱਚ ਵਿਆਹਾਂ ਵਿੱਚ ਧੀਆਂ-ਭੈਣਾਂ ਅਤੇ ਉਨ੍ਹਾਂ ਦੇ ਸਹੁਰਾ ਪਰਿਵਾਰਾਂ ਦੇ ਜੀਆਂ ਨੂੰ ਸੋਨੇ ਦੇ ਗਹਿਣੇ ਤੋਹਫ਼ੇ ਵਿੱਚ ਦੇਣ ਦੀ ਇੱਕ ਪੁਰਾਤਨ ਪਰੰਪਰਾ ਹੈ, ਜੋ ਅੱਜ ਵੀ ਨਿਭਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਅਕਤੂਬਰ 2023 'ਚ 10 ਗ੍ਰਾਮ ਸੋਨੇ ਦੀ ਕੀਮਤ 58 ਹਜ਼ਾਰ ਰੁਪਏ ਸੀ। 20 ਅਪਰੈਲ ਤੱਕ ਇਹ 75935 ਰੁਪਏ ਪ੍ਰਤੀ ਤੋਲਾ ਹੋ ਗਈ ਹੈ।
ਐਡਵੋਕੇਟ ਦਵਿੰਦਰ ਸਿੰਘ ਦਾ ਕਹਿਣਾ ਕਿ ਇਜ਼ਰਾਈਲ-ਇਰਾਨ ਦਰਮਿਆਨ ਤਣਾਅ ਵਧਣ ਨਾਲ ਭੂ-ਰਾਜਨੀਤਿਕ ਸੰਕਟ ਵਧ ਗਿਆ ਹੈ ਅਤੇ ਸੁਰੱਖਿਅਤ ਨਿਵੇਸ਼ ਲਈ ਚੀਨ ਸਮੇਤ ਦੁਨੀਆ ਭਰ ਦੇ ਸੈਂਟਰਲ ਬੈਂਕ ਸੋਨਾ ਖ਼ਰੀਦ ਰਹੇ ਹਨ। ਸਵਰਨਕਾਰ ਐਂਡ ਸਰਾਫ਼ਾ ਐਸੋਸੀਏਸ਼ਨ ਮਾਲੇਰਕੋਟਲਾ ਦੇ ਸਲਾਹਕਾਰ ਅਤੇ ਪ੍ਰੈੱਸ ਸਕੱਤਰ ਸ੍ਰੀ ਮੁਨੀਸ਼ ਵਰਮਾ (ਆਰ ਆਰ ਜਿਊਲਰਜ) ਨੇ ਦੱਸਿਆ ਕਿ ਸੋਨੇ ਦੀਆਂ ਕੀਮਤਾਂ ਵਧਣ ਕਾਰਨ ਖ਼ਰੀਦਦਾਰੀ ਪ੍ਰਭਾਵਿਤ ਹੋ ਰਹੀ ਹੈ। ਸੋਨੇ ਦੀ ਖ਼ਰੀਦ ਪੱਖੋਂ ਐਤਕੀਂ ਈਦ ਉਲ ਫ਼ਿਤਰ ਤਿਉਹਾਰ ਪਿਛਲੇ ਸਾਲਾਂ ਦੇ ਮੁਕਾਬਲੇ ਮੰਦਾ ਰਿਹਾ। ਜੇਕਰ ਸੋਨੇ ਦੀਆਂ ਕੀਮਤਾਂ ਇਸੇ ਤਰਾਂ ਹੀ ਵਧਦੀਆਂ ਰਹੀਆਂ ਤਾਂ ਵਿਆਹਾਂ 'ਤੇ ਹੋਣ ਵਾਲਾ ਖ਼ਰਚਾ ਵਧ ਜਾਵੇਗਾ। ਆਮ ਸਾਧਾਰਨ ਵਿਅਕਤੀ ਨੂੰ ਸੋਨਾ ਖ਼ਰੀਦਣਾ ਮੁਸ਼ਕਿਲ ਹੋ ਜਾਵੇਗਾ,ਜਿਸ ਦਾ ਸਿੱਧਾ ਅਸਰ ਉਨ੍ਹਾਂ ਦੇ ਕਾਰੋਬਾਰ 'ਤੇ ਪਵੇਗਾ।