12 ਉੱਘੇ ਸਾਬਕਾ ਵਿਦਿਆਰਥੀਆਂ ਨੂੰ ਕੀਤਾ ਜਾਵੇਗਾ ਸਨਮਾਨਿਤ
ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਹਰ ਸਾਲ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰ ਰਹੇ ਆਪਣੇ ਸਾਬਕਾ ਵਿਦਿਆਰਥੀਆਂ ਨੂੰ ਯਾਦ ਕੀਤਾ ਜਾਂਦਾ ਹੈ। ਇਸ ਵਾਰ ਸਾਬਕਾ ਵਿਦਿਆਰਥੀਆਂ ਦੇ ਮੇਲ-ਜੋਲ ਸੰਬੰਧੀ 24 ਅਪ੍ਰੈਲ ਨੂੰ 10 ਵੀਂ ਸਾਬਕਾ ਵਿਦਿਆਰਥੀ ਮਿਲਣੀ ਦਾ ਆਯੋਜਨ ਯੂਨੀਵਰਸਿਟੀ ਦੇ ਗੁਰੂ ਤੇਗ ਬਹਾਦੁਰ ਹਾਲ ਵਿਖੇ ਸਵੇਰੇ 10 ਵਜੇ ਕੀਤਾ ਜਾ ਰਿਹਾ ਹੈ। ਕੋਆਰਡੀਨੇਟਰ ਡਾ. ਅਵਨੀਤਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਾਈਸ ਚਾਂਸਲਰ ਪ੍ਰੋ. ਅਰਵਿੰਦ ਦੀ ਪ੍ਰਧਾਨਗੀ ਹੇਠ ਹੋ ਰਹੀ ਇਸ ਸਾਬਕਾ ਵਿਦਿਆਰਥੀ ਮਿਲਣੀ ਵਿੱਚ ਮੁੱਖ ਮਹਿਮਾਨ ਸ. ਗੁਰਬੀਰ ਸਿੰਘ, ਮਾਣਯੋਗ ਜੱਜ, ਪੰਜਾਬ ਅਤੇ ਹਰਿਆਣਾ ਹਾਈਕੋਰਟ ਹੋਣਗੇ। ਇਸ ਮੌਕੇ ਮੁੱਖ ਭਾਸ਼ਣ ਦੇਣ ਲਈ ਪੰਜਾਬੀ ਦੇ ਪ੍ਰਸਿੱਧ ਕਵੀ ਪਦਮਸ਼੍ਰੀ ਡਾ. ਸੁਰਜੀਤ ਪਾਤਰ ਸ਼ਿਰਕਤ ਕਰਨਗੇ। ਸ. ਹਰਚਰਨ ਸਿੰਘ ਭੁੱਲਰ, ਡੀ. ਆਈ. ਜੀ. ਪਟਿਆਲਾ ਰੇਂਜ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਡੀਨ ਅਲੂਮਨੀ ਪ੍ਰੋ. ਗੁਰਮੁਖ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਵਿਚ ਪੰਜਾਬੀ ਯੂਨੀਵਰਸਿਟੀ ਦੇ 12 ਉੱਘੇ ਸਾਬਕਾ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਅਲੂਮਨੀ ਐਸੋਸੀਏਸ਼ਨ ਦੀ ਨਵੀਂ ਵੈੱਬਸਾਈਟ ਲਾਂਚ ਕੀਤੀ ਜਾਵੇਗੀ ਅਤੇ ਸਮਾਗਮ ਦੇ ਅੰਤਿਮ ਪੜਾਅ ’ਤੇ ਸਭਿਆਚਾਰਕ ਪ੍ਰੋਗਰਾਮ ਵੀ ਹੋਵੇਗਾ। ਮੁੱਖ ਸਮਾਗਮ ਤੋਂ ਬਾਅਦ, ਸਾਬਕਾ ਵਿਦਿਆਰਥੀ ਵਿਦਵਾਨਾਂ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਲਈ ਆਪੋ-ਆਪਣੇ ਵਿਭਾਗਾਂ ਵਿਖੇ ਇਕੱਤਰ ਹੋਣਗੇ ਅਤੇ ਸ਼ਾਮ ਨੂੰ ਹੋਸਟਲਾਂ ਦਾ ਦੌਰਾ ਵੀ ਕਰਨਗੇ। ਡੀਨ, ਅਲੂਮਨੀ ਰਿਲੇਸ਼ਨਜ਼ ਨੇ ਯੂਨੀਵਰਸਿਟੀ ਦੇ ਸਾਰੇ ਸਾਬਕਾ ਵਿਦਿਆਰਥੀਆਂ ਨੂੰ ਇਸ ਅਲੂਮਨੀ ਮੀਟ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਇਹ ਜੀਵੰਤ ਸਮਾਗਮ ਪੰਜਾਬੀ ਯੂਨੀਵਰਸਿਟੀ ਦੇ ਪੁਰਾਣੇ ਸਾਥੀਆਂ ਨਾਲ ਮੁੜ ਜੁੜਨ, ਕੈਂਪਸ ਵਿੱਚ ਆਪਣੇ ਬਿਤਾਏ ਸਮੇਂ ਨੂੰ ਯਾਦ ਕਰਨ, ਅਤੇ ਸਾਡੀ ਮਾਣਮੱਤੀ ਸੰਸਥਾ ਦੀ ਸਦੀਵੀ ਵਿਰਾਸਤ ਦਾ ਜਸ਼ਨ ਮਨਾਉਣ ਦਾ ਇੱਕ ਸ਼ਾਨਦਾਰ ਮੌਕਾ ਹੈ।