ਪਟਿਆਲਾ : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰੋਫੈਸਰ ਮੁਹੰਮਦ ਖਾਲਿਦ ਆਰਟੀਫਿਸ਼ਲ ਇੰਟੈਲੀਜੈਂਸ ਬਹੁਤ ਹੀ ਤੇਜ਼ੀ ਨਾਲ ਵਧ ਰਿਹਾ ਫੀਲਡ ਹੈੇ ਅਤੇ ਇਸ ਨੇ ਸਿੱਖਿਆ, ਸਿਹਤ, ਵਪਾਰ ਅਤੇ ਫੌਜੀ ਮਾਮਲਿਆਂ ਦੇ ਵਿੱਚ ਇੱਕ ਨਵੀਂ ਕ੍ਰਾਂਤੀ ਨੂੰ ਜਨਮ ਦਿੱਤਾ। ਪੰਜਾਬੀ ਯੂਨੀਵਰਸਿਟੀ ਦੇ ਰਾਜਨੀਤਿਕ ਵਿਭਾਗ ਵੱਲੋਂ ‘ਆਰਟੀਫਿਸ਼ਅਲ ਇੰਟੈਲੀਜੈਂਸ ਅਤੇ ਕੌਮਾਂਤਰੀ ਰਾਜਨੀਤੀ ਦੇ ਭਵਿੱਖ’ ਵਿਸ਼ੇ ’ਤੇ ਕਰਵਾਏ ਗਏ ਲੈਕਚਰ ਵਿੱਚ ਮੁੱਖ ਬੁਲਾਰੇ ਦੇ ਤੌਰ ਤੇ ਪਹੁੰਚੇ ਡਾ. ਖਾਲਿਦ ਨੇ ਕਿਹਾ ਕਿ ਮਨੁੱਖ ਬੁਨਿਆਦੀ ਤੌਰ ਤੇ ਮਸ਼ੀਨਾਂ ਘੜਨ ਵਾਲਾ ਜੀਵ ਹੈ ਉਸ ਨੇ ਆਪਣੀ ਸਹੂਲਤ ਦੇ ਲਈ ਵੱਖ-ਵੱਖ ਸਮੇਂ ਮਸ਼ੀਨਾਂ ਇਜਾਦ ਕੀਤੀਆਂ ਹਨ। ਅੱਜ ਦੇ ਜ਼ਮਾਨੇ ਵਿੱਚ ਆਪਣੀ ਸੌਖ ਦੇ ਲਈ ਆਰਟੀਫਿਸ਼ਅਲ ਇੰਟੈਲੀਜੈਂਸ ਨੂੰ ਘੜਿਆ ਗਿਆ ਹੈ। ਡਾ. ਖਾਲਿਦ ਨੇ ਆਪਣੇ ਲੈਕਚਰ ਦੌਰਾਨ ਆਰਟੀਫਿਸ਼ਲ ਇੰਟੈਲੀਜੈਂਸ ਦੇ ਹਾਂ ਪੱਖੀ ਤੇ ਨਾ ਪੱਖੀ ਪ੍ਰਭਾਵਾਂ ਦਾ ਜ਼ਿਕਰ ਕੀਤਾ। ਇਸ ਤੋਂ ਪਹਿਲਾਂ ਵਿਭਾਗ ਮੁਖੀ ਡਾਕਟਰ ਪਰਮਜੀਤ ਕੌਰ ਗਿੱਲ ਨੇ ਡਾਕਟਰ ਖਾਲਿਦ ਦਾ ਸਵਾਗਤ ਕੀਤਾ ਅਤੇ ਵਿਸ਼ੇ ਨਾਲ ਵਿਦਿਆਰਥੀਆਂ ਦੀ ਜਾਣ ਪਛਾਣ ਕਰਵਾਉਂਦੇ ਕਿਹਾ ਕਿ ਆਰਟੀਫਿਸ਼ਅਲ ਇੰਟੈਲੀਜੈਂਸ ਵਿੱਚ ਵਿਕਸਿਤ ਦੇਸ਼ ਵਿਕਾਸਸ਼ੀਲ ਦੇਸ਼ਾਂ ਤੋਂ ਬਹੁਤ ਅੱਗੇ ਹਨ। ਉਨ੍ਹਾਂ ਕਿਹਾ ਕਿ ਵਿਕਸਿਤ ਦੇਸ਼ ਆਰਟੀਫਿਸ਼ਅਲ ਇੰਟੈਲੀਜੈਂਸ ਰਾਹੀਂ ਆਪਣੀ ਤਾਕਤ ਤੇ ਦਾਬਾ ਹੋਰ ਮਜਬੂਤ ਕਰ ਰਹੇ ਹਨ। ਡਾ. ਗਿੱਲ ਨੇ ਕਿਹਾ ਆਰਟੀਫਿਸ਼ਲ ਇੰਟੈਲੀਜੈਂਸ ਉਦਯੋਗਿਕ ਇਨਕਲਾਬ ਤੋਂ ਬਾਅਦ ਸਭ ਤੋਂ ਵੱਡਾ ਇਨਕਲਾਬ ਹੈ। ਇਸ ਮੌਕੇ ਵਿਭਾਗ ਦੇ ਬਾਕੀ ਪ੍ਰੋਫੈਸਰ ਅਤੇ ਵਿਦਿਆਰਥੀ ਸ਼ਾਮਿਲ ਸਨ।