ਸੁਨਾਮ : ਥਾਣਾ ਸ਼ਹਿਰੀ ਸੁਨਾਮ ਦੀ ਪੁਲਿਸ ਨੇ ਇੱਕ ਵਿਅਕਤੀ ਦੀ ਸ਼ੱਕੀ ਹਾਲਾਤਾਂ ਵਿੱਚ ਹੋਈ ਮੌਤ ਦੀ ਗੁੱਥੀ ਚੌਵੀ ਘੰਟਿਆਂ ਵਿੱਚ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੀ ਪਤਨੀ ਅਤੇ ਉਸ ਦੇ ਆਸ਼ਕ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਵਾਰਦਾਤ 'ਚ ਵਰਤਿਆ ਗਿਆ ਤੇਜ਼ਧਾਰ ਹਥਿਆਰ ਅਤੇ ਸਾਈਕਲ ਬਰਾਮਦ ਕਰ ਲਿਆ ਹੈ। ਸੁਨਾਮ ਵਿਖੇ ਡੀਐਸਪੀ ਮਨਦੀਪ ਸਿੰਘ ਸੰਧੂ ਨੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਚਰਨਜੀਤ ਕੌਰ ਵਾਸੀ ਪ੍ਰੀਤ ਨਗਰ ਕੱਚਾ ਪਹਾ, ਸੁਨਾਮ ਨੇ ਪੁਲੀਸ ਨੂੰ ਇਤਲਾਹ ਦਿੱਤੀ ਕਿ ਉਸ ਦਾ ਪਤੀ ਜਸਵੀਰ ਸਿੰਘ ਸਾਡੇ ਘਰ ਨੂੰ ਆਉਂਦੀ ਗਲ਼ੀ ਵਿੱਚ ਡਿੱਗਿਆ ਪਿਆ ਹੈ ਅਤੇ ਉਸ ਦੇ ਸਿਰ ’ਤੇ ਡੂੰਘੀਆਂ ਸੱਟਾਂ ਲੱਗੀਆਂ ਹੋਈਆਂ ਹਨ, ਖੂਨ ਵਹਿਣ ਕਾਰਨ ਉਸ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਪੁਲਿਸ ਨੇ ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਡੀਐਸਪੀ ਮਨਦੀਪ ਸਿੰਘ ਸੰਧੂ ਨੇ ਦੱਸਿਆ ਕਿ ਪੁਲਿਸ ਵੱਲੋਂ ਮ੍ਰਿਤਕ ਜਸਵੀਰ ਸਿੰਘ ਦੀ ਪਤਨੀ ਚਰਨਜੀਤ ਕੌਰ ਦੇ ਮੋਬਾਈਲ ਕਾਲ ਟਰੇਸ ਕਰਕੇ ਇਸ ਅੰਨ੍ਹੇ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਜਿਸ ਤੋਂ ਬਾਅਦ ਖੁਲਾਸਾ ਹੋਇਆ ਕਿ ਚਰਨਜੀਤ ਕੌਰ ਦੇ ਨਿਰਮਲ ਸਿੰਘ ਜੋ ਉਸ ਦੇ ਘਰ ਦੁੱਧ ਸਪਲਾਈ ਕਰਦਾ ਸੀ , ਨਾਲ ਨਾਜਾਇਜ਼ ਸਬੰਧ ਸਨ। ਮ੍ਰਿਤਕ ਜਸਵੀਰ ਸਿੰਘ ਦੀ ਪਤਨੀ ਚਰਨਜੀਤ ਕੌਰ ਦੇ ਨਿਰਮਲ ਸਿੰਘ ਨਾਲ ਨਜਾਇਜ਼ ਸਬੰਧਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਇਹ ਗੱਲ ਸਪੱਸ਼ਟ ਹੋ ਗਈ ਕਿ ਦੋਵਾਂ ਨੇ ਮਿਲਕੇ ਉਸ ਦੀ ਤੇਜ਼ਧਾਰ ਹਥਿਆਰਾਂ ਨਾਲ ਸੱਟਾਂ ਮਾਰਕੇ ਕਤਲ ਕੀਤਾ ਹੈ। ਬਾਅਦ 'ਚ ਚਰਨਜੀਤ ਕੌਰ ਨੇ ਆਪਣੇ ਆਪ ਨੂੰ ਅਤੇ ਆਪਣੇ ਪ੍ਰੇਮੀ ਆਸ਼ਕ ਨੂੰ ਬਚਾਉਣ ਲਈ ਪੁਲਿਸ ਨੂੰ ਝੂਠੀ ਸੂਚਨਾ ਦੇਕੇ ਮਾਮਲਾ ਦਰਜ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਕਤਲ ਵਿੱਚ ਵਰਤਿਆ ਗਿਆ ਹਥਿਆਰ ਅਤੇ ਸਾਈਕਲ ਬਰਾਮਦ ਕਰ ਲਿਆ ਗਿਆ ਹੈ। ਇਸ ਮੌਕੇ ਐਸਐਚਓ ਇੰਸਪੈਕਟਰ ਸੁਖਦੀਪ ਸਿੰਘ, ਚੌਕੀ ਇੰਚਾਰਜ ਦਵਿੰਦਰ ਸਿੰਘ, ਏਐਸਆਈ ਗੁਰਸੇਵਕ ਸਿੰਘ, ਏਐਸਆਈ ਰਾਜ ਕੁਮਾਰ ਆਦਿ ਹਾਜ਼ਰ ਸਨ।