ਸੁਨਾਮ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪੰਜ ਮਈ ਤੋਂ ਕੈਬਨਿਟ ਮੰਤਰੀ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੀ ਬਰਨਾਲਾ ਸਥਿਤ ਕੋਠੀ ਅੱਗੇ ਪੱਕਾ ਧਰਨਾ ਲਾਵੇਗੀ ਅਤੇ ਪਿੰਡਾਂ ਵਿੱਚ ਵੋਟਾਂ ਮੰਗਣ ਆਉਣ ਸਮੇਂ ਵੀ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ। ਵੀਰਵਾਰ ਨੂੰ ਸੁਨਾਮ ਨੇੜਲੇ ਪਿੰਡ ਉਗਰਾਹਾਂ ਦੇ ਡੇਰਾ ਟੀਕਮ ਦਾਸ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਅਗਵਾਈ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਜਥੇਬੰਦੀ ਜਹਾਂਗੀਰ ਜਮੀਨੀ ਮਸਲੇ ਦੇ ਹੱਲ ਨੂੰ ਲੈਕੇ ਕੈਬਨਿਟ ਮੰਤਰੀ ਮੀਤ ਹੇਅਰ ਨਾਲ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ ਲੇਕਿਨ ਮਸਲੇ ਦਾ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਥੇਬੰਦੀ ਮੀਤ ਹੇਅਰ ਦੀ ਬਰਨਾਲਾ ਸਥਿਤ ਕੋਠੀ ਅੱਗੇ 5 ਮਈ ਤੋਂ ਪੱਕਾ ਮੋਰਚਾ ਲਾਵੇਗੀ ਅਤੇ ਸੰਗਰੂਰ ਜ਼ਿਲ੍ਹੇ ਵਿੱਚ ਹਰ ਇੱਕ ਪਿੰਡ ਤੇ ਹਰ ਇੱਕ ਸ਼ਹਿਰ ਵਿੱਚ ਮੀਤ ਹੇਅਰ ਦਾ ਸਖਤ ਵਿਰੋਧ ਕਰੇਗੀ । ਇਸ ਮੌਕੇ ਆਗੂਆਂ ਨੇ ਕਿਹਾ ਕਿ ਪਿੰਡ ਜਹਾਂਗੀਰ ਵਿਖੇ ਜੋ ਜਮੀਨੀ ਵਿਵਾਦ ਚੱਲ ਰਿਹਾ ਹੈ, ਸਰਕਾਰੀ ਰਿਕਾਰਡ ਮੁਤਾਬਿਕ ਜਮੀਨ ਦੀ ਮਾਲਕ ਜਹਾਂਗੀਰ ਦੀ ਔਰਤ ਕਰਮਜੀਤ ਕੌਰ ਹੈ, ਪਰੰਤੂ ਕਥਿਤ ਤੌਰ ਤੇ ਧੋਖੇ ਨਾਲ ਇਹ ਜਮੀਨ ਗੁਰਚਰਨ ਸਿੰਘ ਜਹਾਂਗੀਰ ਨੇ ਆਪਣੇ ਨਾਮ ਕਰਵਾ ਲਈ ਸੀ ਕਿਉਂਕਿ ਕਰਮਜੀਤ ਕੌਰ ਦੇ ਪਿਤਾ ਦਾ ਨਾਮ ਵੀ ਗੁਰਚਰਨ ਸਿੰਘ ਸੀ, ਮੋਟਰ ਕਨੈਕਸ਼ਨ ਅਤੇ ਗਿਰਦਾਵਰੀਆਂ ਕਰਮਜੀਤ ਕੌਰ ਦੇ ਨਾਮ ਹਨ ਪਰ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਇਹ ਦੋ ਨੰਬਰ ਚ ਜਮੀਨ ਗੁਰਚਰਨ ਸਿੰਘ ਨੇ ਆਪ ਨਾਮ ਕਰਵਾ ਲਈ ਇਸ ਲਈ ਸਰਕਾਰ ਦੀ ਵਾਅਦਾ ਖਿਲਾਫੀ ਦੇ ਵਿਰੋਧ ਵਿੱਚ ਇਹ ਧਰਨਾ ਦਿੱਤਾ ਜਾ ਰਿਹਾ ਹੈ । ਧਰਨਾ ਉਨ੍ਹਾਂ ਚਿਰ ਜਾਰੀ ਰਹੇਗਾ ਜਿੰਨਾ ਚਿਰ ਜਮੀਨ ਦੀ ਮਾਲਕੀ ਕਰਮਜੀਤ ਕੌਰ ਨੂੰ ਨਹੀਂ ਦਿੱਤੀ ਜਾਂਦੀ, ਇਸ ਮੌਕੇ ਆਗੂਆਂ ਨੇ ਕਿਹਾ ਕਿ ਮੰਡੀਆਂ ਵਿੱਚ ਕਿਸਾਨ ਖੱਜਲ ਖੁਆਰ ਹੋ ਰਹੇ ਹਨ ਜੇਕਰ ਜਲਦੀ ਸਰਕਾਰ ਨੇ ਇਸ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ, ਇਸ ਮੌਕੇ ਬਲਾਕ ਦੇ ਜਨਰਲ ਸਕੱਤਰ ਰਾਮ ਸ਼ਰਨ ਸਿੰਘ ਉਗਰਾਹਾਂ, ਪ੍ਰੈਸ ਸਕੱਤਰ ਸੁਖਪਾਲ ਮਾਣਕ, ਮਹਿੰਦਰ ਸਿੰਘ ਨਮੋਲ, ਪਾਲ ਸਿੰਘ ਦੋਲੇਵਾਲ, ਮਨੀ ਸਿੰਘ ਭੈਣੀ, ਯਾਦਵਿੰਦਰ ਸਿੰਘ ਚੱਠਾ ਆਦਿ ਹਾਜ਼ਰ ਸਨ।