ਅਮਰਗੜ੍ਹ : ਅੱਜ ਵਿਸ਼ਵ ਮਲੇਰੀਆ ਦਿਵਸ ਤੇ ਸਿਹਤ ਵਿਭਾਗ ਮਾਲੇਰਕੋਟਲਾ ਵੱਲੋਂ ਬਲਾਕ ਅਧੀਨ ਵੱਖ-ਵੱਖ ਪਿੰਡਾਂ ਅਤੇ ਸਕੂਲਾਂ ਜਾ ਕੇ ਇਲਾਜ ਨਾਲੋਂ ਪ੍ਰਹੇਜ ਚੰਗਾ ਨੂੰ ਮੁੱਖ ਰੱਖਦੇ ਹੋਏ ਬੱਚਿਆਂ ਤੇ ਲੋਕਾਂ ਨੂੰ ਬੁਖ਼ਾਰ ਤੋਂ ਬਚਾਅ ਸੰਬੰਧੀ ਜਾਗਰੂਕ ਕੀਤਾ ਗਿਆ। ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਉੱਤੇ ਸਿਵਲ ਸਰਜਨ ਮਾਲੇਰਕੋਟਲਾ ਡਾ. ਪ੍ਰਦੀਪ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਨੀਅਰ ਮੈਡੀਕਲ ਅਫਸਰ ਡਾ. ਰੀਤੂ ਸੇਠੀ ਦੀ ਹਦਾਇਤਾਂ ਤੇ ਸਿਹਤ ਬਲਾਕ ਅਮਰਗੜ੍ਹ ਦੇ ਫੀਲਡ ਮੈਂਬਰਾਂ ਵੱਲੋਂ ਪਿੰਡਾਂ ਅਤੇ ਸਕੂਲਾਂ ਵਿੱਚ ਕੈਂਪ ਲਗਾ ਕੇ ਬੁਖ਼ਾਰ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ। ਇਸ ਸੰਬੰਧੀ ਬਲਾਕ ਐਜੂਕੇਟਰ ਰਣਬੀਰ ਸਿੰਘ ਢੰਡੇ ਨੇ ਦੱਸਿਆ ਕਿ ਬਲਾਕ ਪੱਧਰੀ ਕੈਂਪ ਸੀਨੀਅਰ ਸੈਕੰਡਰੀ ਸਕੂਲ ਬਨਭੌਰਾ ਵਿਖੇ ਲਗਾਇਆ ਗਿਆ ਜਿੱਥੇ ਬੱਚਿਆਂ ਨੂੰ ਮਲੇਰੀਆ ਬੁਖਾਰ ਤੋਂ ਬਚਾਅ ਦੇ ਨਾਲ-ਨਾਲ ਵੋਟਾਂ ਪਾਉਣ ਸਬੰਧੀ ਵੀ ਜਾਗਰੂਕ ਕੀਤਾ ਗਿਆ। ਸਿਹਤ ਸੁਪਰਵਾਈਜ਼ਰ ਜਗਤਾਰ ਸਿੰਘ ਸਿੱਧੂ ਨੇ ਦੱਸਿਆ ਕਿ ਕੋਈ ਵੀ ਬੁਖਾਰ ਮਲੇਰੀਆ ਹੋ ਸਕਦਾ ਹੈ। ਇਹ ਮਾਦਾ ਮੱਛਰ ਐਨਾਫ਼ਲੀਜ਼ ਦੇ ਕੱਟਣ ਨਾਲ ਫੈਲਦਾ ਹੈ ਜੋ ਕਿ ਖੜੇ ਪਾਣੀ ਵਿਚ ਪੈਦਾ ਹੁੰਦੇ ਹਨ ਅਤੇ ਰਾਤ ਤੇ ਸਵੇਰ ਵੇਲੇ ਕੱਟਦੇ ਹਨ। ਠੰਢ ਅਤੇ ਕੰਬਣ ਦੇ ਨਾਲ ਬੁਖਾਰ, ਤੇਜ਼ ਬੁਖਾਰ ਅਤੇ ਸਿਰ ਦਰਦ, ਬੁਖਾਰ ਉਤਰ ਜਾਣ 'ਤੇ ਸਰੀਰਕ ਥਕਾਵਟ ਅਤੇ ਕਮਜ਼ੋਰੀ ਅਤੇ ਬੁਖਾਰ ਦੇ ਨਾਲ ਬਹੁਤ ਜ਼ਿਆਦਾ ਪਸੀਨਾ ਆਉਣਾ ਮਲੇਰੀਆ ਦੇ ਲੱਛਣ ਹਨ। ਉਹਨਾਂ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਵਲੋਂ 25 ਅਪ੍ਰੈਲ ਨੂੰ ਵਿਸ਼ਵ ਮਲੇਰੀਆ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸਿਹਤ ਸੁਪਰਵਾਈਜ਼ਰ ਕੇਵਲ ਸਿੰਘ, ਪਰਮਜੀਤ ਸਿੰਘ ਅਤੇ ਨਿਰਭੈ ਸਿੰਘ ਨੇ ਦੱਸਿਆ ਕਿ ਹਰ ਸਾਲ ਵਿਸ਼ਵ ਪੱਧਰ 'ਤੇ ਮਲੇਰੀਆ ਕਾਰਨ ਲੱਖਾਂ ਮੌਤਾਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਮਲੇਰੀਆ ਮੁਕਤ ਸਮਾਜ ਬਣਾਉਣ ਲਈ ਸਭ ਦੀ ਹਿੱਸੇਦਾਰੀ ਜਰੂਰੀ ਹੈ ਤਾਂ ਹੀ ਪੰਜਾਬ ਨੂੰ ਮਲੇਰੀਆ ਮੁਕਤ ਰਾਜ ਬਣਾਉਣ ਦਾ ਟੀਚਾ ਹਾਸਲ ਕੀਤਾ ਜਾ ਸਕਦਾ ਹੈ। ਇਕ ਰਿਪੋਰਟ ਮੁਤਾਬਕ ਸਿਹਤ ਸਹੂਲਤਾਂ ਵਿੱਚ ਹੋ ਰਹੇ ਵਾਧੇ ਅਤੇ ਜਨ-ਜਾਗਰੂਕਤਾ ਮੁਹਿੰਮਾਂ ਰਾਹੀਂ ਸਾਲ 2000 ਤੋਂ ਅੰਦਾਜ਼ਨ ਕਰੋੜਾਂ ਮਲੇਰੀਆ ਦੇ ਕੇਸਾਂ ਅਤੇ ਮੌਤਾਂ ਨੂੰ ਟਾਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਅੱਜ ਬਲਾਕ ਦੇ ਵੱਖ-ਵੱਖ ਪਿੰਡਾਂ ਅਤੇ ਸਿਹਤ ਕੇਂਦਰਾਂ ਤੇ ਫੀਲਡ ਸਟਾਫ ਮ.ਪ.ਹ.ਸ (ਮੇਲ ਤੇ ਫੀਮੇਲ), ਮ.ਪ.ਹ.ਵ (ਮੇਲ ਤੇ ਫੀਮੇਲ) ਅਤੇ ਸੀ.ਐਚ.ਓ ਵਲੋਂ ਲੋਕਾਂ ਨੂੰ ਮਲੇਰੀਆ ਅਤੇ ਡੇਂਗੂ ਬਾਰੇ ਜਾਗਰੂਕ ਅਤੇ ਹਰ ਸ਼ੁਕਰਵਾਰ ਨੂੰ ਫਰਾਈ ਡੇ-ਡ੍ਰਾਈ ਡੇ ਮਨਾਉਣ ਲਈ ਪ੍ਰੇਰਿਤ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਮਲੇਰੀਆ ਦੀ ਜਾਂਚ ਸਾਰੇ ਪੰਜਾਬ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਮੁਫ਼ਤ ਕੀਤੀ ਜਾਂਦੀ ਹੈ ਅਤੇ ਇਲਾਜ ਵੀ ਮੁਫਤ ਹੁੰਦਾ ਹੈ। ਸਿਹਤ ਵਿਭਾਗ ਦੇ ਕਰਮਚਾਰੀ ਘਰ-ਘਰ ਜਾ ਕੇ ਫੀਵਰ ਸਰਵੇ ਕਰਦੇ ਹੋਏ ਮਲੇਰੀਏ ਦੇ ਖਾਤਮੇ ਵਿਚ ਵੱਡਾ ਯੋਗਦਾਨ ਪਾਉਂਦੇ ਹਨ। ਉਨ੍ਹਾਂ ਦੱਸਿਆ ਕਿ ਸਾਨੂੰ ਆਪਣੇ ਘਰਾਂ ਦੇ ਆਲੇ ਦੁਆਲੇ ਸਾਫ ਪਾਣੀ ਖੜ੍ਹਾ ਨਹੀਂ ਹੋਣ ਦੇਣਾ ਚਾਹੀਦਾ ਅਤੇ ਸਾਫ ਸਫਾਈ ਦਾ ਵੀ ਖਾਸ ਧਿਆਨ ਰੱਖਣਾ ਚਾਹੀਦਾ ਹੈ। ਮੱਛਰ ਤੋਂ ਬਚਣ ਲਈ ਮੱਛਰਦਾਨੀ ਅਤੇ ਮੱਛਰ ਭਜਾਓ ਕਰੀਮਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਮੌਕੇ ਮ.ਪ.ਹ.ਵ ਗੁਰਪ੍ਰੀਤ ਸਿੰਘ, ਹਰਦੀਪ ਸਿੰਘ, ਸਕੂਲ ਪ੍ਰਿੰਸੀਪਲ ਰੋਹਿਤ ਕੁਮਾਰ, ਅਧਿਆਪਕ ਹਰਪ੍ਰੀਤ ਕੌਰ, ਗੁਰਤੇਜ ਸਿੰਘ, ਤੇਜਪਾਲ ਸਿੰਘ ਹੋਰ ਸਟਾਫ ਅਤੇ ਸਕੂਲੀ ਬੱਚੇ ਮੌਜੂਦ ਸਨ।