ਮਾਲੇਰਕੋਟਲਾ : ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ ਅਸੈਬਲੀ ਸੈਗਮੈਂਟ-105 ਅਤੇ ਅਸੈਂਬਲੀ ਸੈਗਮੈਂਟ- 106 ਨਾਲ ਸਬੰਧਤ ਸੈਕਟਰ ਅਫਸਰਾਂ ਅਤੇ ਅਸੈਂਬਲੀ ਪੱਧਰ ਮਾਸਟਰ ਟਰੇਨਰਾਂ ਨੂੰ ਈ.ਵੀ.ਐਮ ਅਤੇ ਵੀ.ਵੀ ਪੈਟ ਬਾਰੇ ਇੱਕ ਰੋਜਾ ਟਰੇਨਿੰਗ ਦਿੱਤੀ ਗਈ। ਇਸ ਮੌਕੇ ਜ਼ਿਲ੍ਹਾ ਲੇਵਲ ਮਾਸਟਰ ਟ੍ਰੇਨਰ ਕਮ ਲੈਕਚਰਾਰ (ਸ.ਸ.ਸ.ਸ ਬਨਭੌਰਾ) ਰੋਹਿਤ ਕੁਮਾਰ ਨੇ ਸਮੂਹ ਸੈਕਟਰ ਅਫਸਰਾਂ ਅਤੇ ਅਸੈਂਬਲੀ ਪੱਧਰ ਮਾਸਟਰ ਟਰੇਨਰਾ ਨੂੰ ਈ.ਵੀ.ਐਮ ਅਤੇ ਵੀ.ਵੀ.ਪੀ.ਏ.ਟੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹੁਣ ਵੋਟਰ ਇਲੈੱਕਟ੍ਰਾਨਿਕ ਵੋਟਿੰਗ ਮਸ਼ੀਨ ਰਾਹੀਂ ਆਪਣੀ ਵੋਟ ਪਾ ਸਕਦੇ ਹਨ ਅਤੇ ਵੋਟਾਂ ਵਾਲੇ ਦਿਨ ਪੋਲਿੰਗ ਬੂਥ ਵਿਚ ਇਲੈੱਕਟ੍ਰਾਨਿਕ ਵੋਟਿੰਗ ਮਸ਼ੀਨ ਵਿਚ ਉਮੀਦਵਾਰਾਂ ਦੇ ਨਾਮ ਅਤੇ ਉਨ੍ਹਾਂ ਦੇ ਚੋਣ ਨਿਸ਼ਾਨ ਦੇ ਅੱਗੇ ਇਕ ਬਟਨ ਹੁੰਦਾ ਹੈ ਅਤੇ ਕਿਸੇ ਇਕ ਉਮੀਦਵਾਰ ਦੇ ਸਾਹਮਣੇ ਵਾਲਾ ਬਟਨ ਦਬਾ ਕੇ ਵੋਟ ਪਾਈ ਜਾ ਸਕਦੀ ਹੈ। ਵੀ.ਵੀ.ਪੀ.ਏ.ਟੀ (ਵੋਟਰ ਵੈਰੀਫਾਈਏਬਲ ਪੇਪਰ ਆਡਿਟ ਟਰੇਲ) ਮਸ਼ੀਨ ਬਾਰੇ ਦੱਸਦਿਆਂ ਉਨ੍ਹਾ ਕਿਹਾ ਕਿ ਇਹ ਇਕ ਛੋਟਾ ਪ੍ਰਿੰਟਰ ਹੈ, ਜੋ ਈ.ਵੀ.ਐਮ (ਇਲੈਕਟ੍ਰੋਨਿਕ ਵੋਟਿੰਗ ਮਸ਼ੀਨ) ਨਾਲ ਜੁੜਿਆ ਹੋਇਆ ਹੈ ਅਤੇ ਇਸ ਰਾਹੀਂ ਵੋਟਰ ਨੂੰ ਪਤਾ ਲੱਗ ਸਕੇਗਾ ਕਿ ਉਸ ਦੀ ਵੋਟ ਸਹੀ ਉਮੀਦਵਾਰ ਨੂੰ ਪਈ ਹੈ ਜਾਂ ਨਹੀਂ। ਇਸ ਮਸ਼ੀਨ ਰਾਹੀਂ ਵੋਟਰ 7 ਸੈਕਿੰਡ ਤੱਕ ਡਿਸਪਲੇ ਫਰੇਮ ਵਿਚ ਆਪਣੀ ਵੋਟ ਪਾਉਣ ਵਾਲੇ ਉਮੀਦਵਾਰ ਦਾ ਸੀਰੀਅਲ ਨੰਬਰ, ਨਾਮ ਅਤੇ ਚੋਣ ਨਿਸ਼ਾਨ ਦੇਖ ਸਕਦਾ ਹੈ ਅਤੇ ਉਮੀਦਵਾਰ ਦਾ ਸੀਰੀਅਲ ਨੰਬਰ, ਨਾਮ ਅਤੇ ਚੋਣ ਨਿਸ਼ਾਨ ਦਰਸਾਉਣ ਵਾਲੀ ਪਰਚੀ ਮਸ਼ੀਨ ਨਾਲ ਜੁੜੇ ਬਕਸੇ ਵਿਚ ਡਿੱਗੇਗੀ, ਜੋ ਬਕਸੇ ਵਿਚ ਸੀਲ ਰਹੇਗੀ ਅਤੇ ਕੋਈ ਹੋਰ ਇਸ ਨੂੰ ਨਹੀਂ ਦੇਖ ਸਕੇਗਾ।