ਪਟਿਆਲਾ : ਪੰਜਾਬੀ ਯੂਨੀਵਰਸਿਟੀ ਦਾ 63ਵਾਂ ਸਥਾਪਨਾ ਦਿਵਸ 30 ਅਪ੍ਰੈਲ 2024 ਨੂੰ ਮਨਾਇਆ ਜਾ ਰਿਹਾ ਹੈ। 1961 ਦੇ ਪੰਜਾਬ ਐਕਟ ਨੰ. 35 ਤਹਿਤ 1962 ਵਿੱਚ ਸਥਾਪਿਤ ਪੰਜਾਬੀ ਯੂਨੀਵਰਸਿਟੀ ਦਾ ਮੁੱਖ ਮੰਤਵ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦਾ ਪ੍ਰਚਾਰ ਪ੍ਰਸਾਰ ਕਰਨਾ ਮਿਥਿਆ ਗਿਆ ਸੀ । ਯੂਨੀਵਰਸਿਟੀ ਆਪਣੇ ਸਥਾਪਨਾ ਸਮੇਂ ਤੋਂ ਹੀ ਇਸ ਦਿਸ਼ਾ ਵਿੱਚ ਨਿਰੰਤਰ ਕਾਰਜਸ਼ੀਲ ਹੈ।
ਸਥਾਪਨਾ ਦਿਵਸ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਗੁਰਮੁਖ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਸਥਾਪਨਾ ਦਿਵਸ ਮੌਕੇ ਉੱਘੇ ਪੰਜਾਬੀ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਬਕਾ ਵਾਈਸ ਚਾਂਸਲਰ ਪ੍ਰੋ. ਅਰੁਣ ਗਰੋਵਰ ਮੁੱਖ ਭਾਸ਼ਣ ਦੇਣਗੇ। ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ੍ਰੀ ਕੇ. ਕੇ. ਯਾਦਵ, ਆਈ. ਏ. ਐੱਸ. ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਰਨਗੇ। ਪ੍ਰੋਗਰਾਮ ਦੌਰਾਨ ਸਵਾਗਤੀ ਸ਼ਬਦ ਡੀਨ ਅਕਾਦਮਿਕ ਮਾਮਲੇ ਪ੍ਰੋ. ਏ. ਕੇ. ਤਿਵਾੜੀ ਵੱਲੋਂ ਬੋਲੇ ਜਾਣੇ ਹਨ।
ਉਨ੍ਹਾਂ ਦੱਸਿਆ ਕਿ ਇਸ ਮੌਕੇ ਡਾ. ਏ. ਐੱਲ. ਜੇ. ਰਾਉ ਨੂੰ ਵਿਸ਼ੇਸ਼ ਤੌਰ ਉਤੇ ਸਨਮਾਨਿਤ ਕੀਤਾ ਜਾਣਾ ਹੈ। ਇਸ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਤੋਂ ਸੇਵਾ ਮੁਕਤ ਹੋ ਚੁੱਕੇ ਸਭ ਤੋਂ ਸੀਨੀਅਰ ਅਧਿਆਪਕਾਂ ਅਤੇ ਕਰਮਚਾਰੀਆਂ ਵਿੱਚੋਂ ਵੀ ਪੰਜ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਜਾਣਾ ਹੈ। ਇਸ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਵੱਲੋਂ ਪ੍ਰਕਾਸਿ਼ਤ ਕੁੱਝ ਕਿਤਾਬਾਂ ਦਾ ਲੋਕ-ਅਰਪਣ ਵੀ ਕੀਤਾ ਜਾਣਾ ਹੈ।
ਇਹ ਪ੍ਰੋਗਰਾਮ ਯੂਨੀਵਰਸਿਟੀ ਦੇ ਸਾਇੰਸ ਆਡੀਟੋਰੀਅਮ ਵਿਖੇ ਹੋਵੇਗਾ ਜੋ ਕਿ ਸਵੇਰੇ 11:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਚੱਲਣਾ ਹੈ। ਪ੍ਰੋਗਰਾਮ ਦੌਰਾਨ ਮੰਚ ਸੰਚਾਲਨ ਦਾ ਕਾਰਜ ਡਾ. ਗੁਰਮੁਖ ਸਿੰਘ ਕਰਨਗੇ।