ਪਟਿਆਲਾ : 1 ਜੂਨ 2024 ਹੋਣ ਵਾਲੀਆਂ ਲੋਕ ਸਭਾ ਚੋਣਾਂ ਦੀ ਸੰਪੂਰਨ ਪ੍ਰਕਿਰਿਆ ਨੂੰ ਪਾਰਦਰਸ਼ੀ ਤੇ ਵਧੀਆਂ ਢੰਗ ਨਾਲ ਨੇਪਰੇ ਚੜਾਉਣ ਲਈ ਅੱਜ ਜ਼ਿਲ੍ਹਾ ਚੋਣ ਅਫ਼ਸਰ -ਕਮ- ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੀ ਅਗਵਾਈ ਵਿੱਚ ਮਾਸਟਰ ਟਰੇਨਰਾਂ ਅਤੇ ਸੈਕਟਰ ਅਫ਼ਸਰਾਂ ਦੀ ਟ੍ਰੇਨਿੰਗ ਕਰਵਾਈ ਗਈ। ਮੁੱਖ ਚੋਣ ਅਫ਼ਸਰ ਦੇ ਨਿਰਦੇਸ਼ਾਂ 'ਤੇ ਅੱਜ ਸਹਾਇਕ ਰਿਟਰਨਿੰਗ ਅਫ਼ਸਰ ਕੰਨੂ ਗਰਗ, ਬਬਨਦੀਪ ਸਿੰਘ ਵਾਲੀਆ ਤੇ ਰਿਚਾ ਗੋਇਲ ਨੇ ਪਟਿਆਲਾ ਲੋਕ ਸਭਾ ਹਲਕੇ ਅਧੀਨ ਆਉਂਦੇ ਹਰੇਕ ਵਿਧਾਨ ਸਭਾ ਹਲਕੇ ਤੋਂ ਆਏ ਮਾਸਟਰ ਟਰੇਨਰਾਂ ਅਤੇ ਸੈਕਟਰ ਅਫ਼ਸਰਾਂ ਨੂੰ ਈ.ਵੀ.ਐਮ. ਅਤੇ ਵੀ.ਵੀ.ਪੀ.ਏ.ਟੀ. ਮਸ਼ੀਨਾਂ ਸਬੰਧੀ ਟ੍ਰੇਨਿੰਗ ਦਿੱਤੀ।
ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਟਰੇਨਿੰਗ 'ਤੇ ਸਾਰੀ ਚੋਣ ਪ੍ਰਕਿਰਿਆ ਨਿਰਭਰ ਹੁੰਦੀ ਹੈ ਜੇਕਰ ਸਟਾਫ਼ ਵੱਲੋਂ ਬਾਰੀਕੀ ਨਾਲ ਸਾਰੀਆਂ ਚੀਜ਼ਾਂ ਨੂੰ ਟਰੇਨਿੰਗ ਦੌਰਾਨ ਸਮਝ ਲਿਆ ਜਾਵੇ ਤਾਂ ਪੂਰੀ ਚੋਣ ਪ੍ਰਕਿਰਿਆ ਨਿਰਵਿਘਨ ਹੋ ਜਾਂਦੀ ਹੈ ਤੇ ਜੇਕਰ ਟਰੇਨਿੰਗ ਸਮੇਂ ਸਟਾਫ਼ ਵੱਲੋਂ ਕੁਤਾਹੀ ਵਰਤੀ ਜਾਵੇ ਤਾਂ ਇਸ ਨਾਲ ਪੋਲਿੰਗ ਵਾਲੇ ਦਿਨ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਮਾਸਟਰ ਟਰੇਨਰਾਂ ਦੀ ਇਸ ਵਿੱਚ ਅਹਿਮ ਭੂਮਿਕਾ ਹੁੰਦੀ ਹੈ, ਕਿਉਂਕਿ ਮਾਸਟਰ ਟਰੇਨਰਾਂ ਵੱਲੋਂ ਹੀ ਆਪਣੇ ਆਪਣੇ ਖੇਤਰ ਦੇ ਪ੍ਰਜ਼ਾਈਡਿੰਗ ਅਫ਼ਸਰਾਂ ਸਮੇਤ ਸਮੂਹ ਅਮਲੇ ਨੂੰ ਸਿਖਲਾਈ ਦੇਣੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਟਰੇਨਿੰਗ ਦੌਰਾਨ ਕਿਸੇ ਵੀ ਮਸਲੇ ਸਬੰਧੀ ਕੋਈ ਸਮੱਸਿਆ ਹੈ ਤਾਂ ਉਸ ਸਬੰਧੀ ਟਰੇਨਿੰਗ ਦੇ ਰਹੇ ਅਧਿਕਾਰੀ ਪਾਸੋਂ ਜਾਣਕਾਰੀ ਪ੍ਰਾਪਤ ਕੀਤੀ ਜਾਵੇ।
ਇਸ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਸ਼ੌਕਤ ਅਹਿਮਦ ਪਰੇ ਤੇ ਸਹਾਇਕ ਰਿਟਰਨਿੰਗ ਅਫ਼ਸਰਾਂ ਨੇ ਮਾਸਟਰ ਟਰੇਨਰਾਂ ਤੇ ਸੈਕਟਰ ਅਫ਼ਸਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਚੋਣ ਪ੍ਰਕਿਰਿਆ ਸਬੰਧੀ ਆਉਣ ਵਾਲੀਆਂ ਮੁਸ਼ਕਿਲਾਂ ਵੀ ਦੂਰ ਕੀਤੀਆਂ। ਇਸ ਮੌਕੇ ਏ.ਡੀ.ਸੀਜ਼. ਕੰਚਨ, ਡਾ. ਹਰਜਿੰਦਰ ਸਿੰਘ ਬੇਦੀ, ਨਵਨੀਤ ਕੌਰ ਸੇਖੋਂ, ਏ.ਆਰ.ਓ ਪਟਿਆਲਾ ਅਰਵਿੰਦ ਕੁਮਾਰ, ਏ.ਆਰ.ਓ. ਰਾਜਪੁਰਾ ਜਸਲੀਨ ਕੌਰ ਭੁੱਲਰ, ਏ.ਆਰ.ਓ. ਪਾਤੜਾਂ ਰਵਿੰਦਰ ਸਿੰਘ, ਚੋਣ ਤਹਿਸੀਲਦਾਰ ਵਿਜੈ ਚੌਧਰੀ ਵੀ ਮੌਜੂਦ ਸਨ।