ਪਟਿਆਲਾ : ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਪੰਜ ਦਿਨਾਂ ਫੁਲਕਾਰੀ ਕਢਾਈ ਦੀ ਬਹੁਭਾਂਤੀ ਵਰਤੋਂ ਅਤੇ ਸਾਬਣ-ਸਰਫ ਬਣਾਉਣ ਸਬੰਧੀ ਸਿਖਲਾਈ ਕੋਰਸ ਕਰਵਾਇਆ ਗਿਆ। ਇਸ ਕੋਰਸ ਵਿਚ ਜ਼ਿਲ੍ਹਾ ਪਟਿਆਲਾ ਦੇ ਵੱਖ-ਵੱਖ ਸਬ ਡਵੀਜ਼ਨਾਂ ਤੇ ਪਿੰਡਾਂ ਸ਼ੁਤਰਾਣਾ, ਨਾਭਾ, ਮੂੰਡਖੇੜਾ, ਧਰਮਕੋਟ, ਗਲਵੱਟੀ, ਮਸੀਂਗਣ ਤੋਂ 17 ਪੇਂਡੂ ਔਰਤਾਂ ਅਤੇ ਲੜਕੀਆਂ ਨੇ ਭਾਗ ਲਿਆ। ਪ੍ਰੋਫੈਸਰ (ਗ੍ਰਹਿ ਵਿਗਿਆਨ) ਡਾ. ਗੁਰਉਪਦੇਸ਼ ਕੌਰ ਨੇ ਕੱਪੜਿਆਂ ਦੀ ਸਾਜ਼-ਸਜਾਵਟ ਲਈ ਫੁਲਕਾਰੀ ਕਢਾਈ ਕੱਢਣ ਦੇ ਗੁਰ ਦੱਸੇ ਅਤੇ ਵੱਖ-ਵੱਖ ਸਜਾਵਟੀ ਸਮਾਨ ਜਿਵੇਂ ਕਿ ਦੁਪੱਟੇ, ਪੋਟਲੀ ਪਰਸ, ਬਟੂਆ ਅਤੇ ਸੀਨਰੀਆਂ ਬਣਾਉਣ ਦੀ ਤਕਨੀਕੀ ਜਾਣਕਾਰੀ ਦਿੱਤੀ। ਘਰ ਵਿਚ ਸਾਬਣ ਅਤੇ ਸਰਫ ਬਣਾਉਣ ਬਾਰੇ ਵੀ ਸਿਖਿਆਰਥਣਾਂ ਨੇ ਬਹੁਤ ਉਤਸ਼ਾਹ ਨਾਲ ਸਿੱਖਿਆ। ਡਾ. ਵੰਦਨਾ ਕੰਵਰ, ਸਹਿਯੋਗੀ ਪ੍ਰੋਫੈਸਰ, ਮਾਨਵ ਵਿਕਾਸ ਨੇ ਸਿਖਲਾਈ ਦੌਰਾਨ ਸਵੈ-ਸਮੂਹਾਂ ਦੇ ਸ਼ਕਤੀਕਰਣ ਬਾਰੇ ਪ੍ਰੇਰਿਤ ਭਾਸ਼ਣ ਦਿੱਤਾ ਅਤੇ ਖੇਡਾਂ ਦੇ ਦੁਆਰਾ ਸਮੂਹ ਦੀ ਤਾਕਤ ਬਾਰੇ ਦੱਸਿਆ।
ਡਾ. ਰਚਨਾ ਸਿੰਗਲਾ, ਪ੍ਰੋਫੈਸਰ (ਬਾਗਬਾਨੀ) ਨੇ ਔਰਤਾਂ ਨੂੰ ਘਰੇਲੂ ਬਗੀਚੀ ਅਤੇ ਫਲਦਾਰ ਬੂਟਿਆਂ ਦੀ ਕਾਸ਼ਤ ਬਾਰੇ ਦੱਸਿਆ। ਡਾ. ਰਜਨੀ ਗੋਇਲ, ਪ੍ਰੋਫੈਸਰ (ਭੋਜਨ ਵਿਗਿਆਨ) ਨੇ ਘਰ ਵਿੱਚ ਫਲ਼ਾਂ ਸਬਜ਼ੀਆਂ ਦੀ ਸਾਂਭ-ਸੰਭਾਲ ਬਾਰੇ ਜਾਣਕਾਰੀ ਦਿੱਤੀ। ਸਿਖਲਾਈ ਦੇ ਅਖੀਰਲੇ ਦਿਨ ਡਾ. ਗੁਰਉਪਦੇਸ਼ ਕੌਰ, ਇੰਚਾਰਜ ਨੇ ਕਿਸਾਨ ਬੀਬੀਆਂ ਨੂੰ ਆਪਣਾ ਹੁਨਰ ਪਛਾਣ ਕੇ ਪੰਜਾਬ ਦੀ ਦਸਤਕਾਰੀ ਜਿਵੇਂ ਕਿ ਫੁਲਕਾਰੀ, ਕਰੋਸ਼ੀਆ, ਹੱਥ ਦੀ ਬੁਣਾਈ ਆਦਿ ਕੰਮਾਂ ਨੂੰ ਵਪਾਰਕ ਪੱਧਰ ਤੇ ਤੋਰਨ ਲਈ ਪ੍ਰੇਰਿਤ ਕੀਤਾ।