ਪਟਿਆਲਾ : ਮਧੂਮੱਖੀ ਪਾਲਣ ਦੇ ਕਿੱਤੇ ਨੂੰ ਪ੍ਰਫੁਲਿਤ ਕਰਨ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਇੱਕ ਪੰਜ-ਰੋਜ਼ਾ ਸਿਖਲਾਈ ਕੋਰਸ ਆਯੋਜਿਤ ਕੀਤਾ ਗਿਆ। ਇਹ ਸਿਖਲਾਈ ਕੋਰਸ ਵਿਸ਼ੇਸ਼ ਤੌਰ ’ਤੇ ਇੰਡੋ ਤਿੱਬਤੀ ਬਾਰਡਰ ਪੁਲਿਸ (ਆਈ.ਟੀ.ਬੀ.ਪੀ.) ਦੇ ਅਧਿਕਾਰੀਆਂ ਅਤੇ ਜਵਾਨਾਂ ਲਈ ਕਰਵਾਇਆ ਗਿਆ, ਤਾਂ ਕਿ ਭਾਰਤ ਸਰਕਾਰ ਦੇ ਆਦੇਸ਼ ਅਨੁਸਾਰ ਆਈ.ਟੀ.ਬੀ.ਪੀ. ਕੈਂਪ ਵਿਚ ਮਧੂਮੱਖੀ ਪਾਲਣ ਦਾ ਕੰਮ ਸ਼ੁਰੂ ਕਰਵਾਇਆ ਜਾ ਸਕੇ ਅਤੇ ਫੋਰਸ ਦੇ ਅਧਿਕਾਰੀਆਂ ਅਤੇ ਜਵਾਨਾਂ ਦੀ ਸਿਹਤ ਬਰਕਰਾਰ ਰੱਖਣ ਲਈ ਉਨ੍ਹਾਂ ਨੂੰ ਸ਼ੁੱਧ ਸ਼ਹਿਦ ਉਪਲਬਧ ਕਰਵਾਇਆ ਜਾ ਸਕੇ।
ਇਸ ਟਰੇਨਿੰਗ ਵਿਚ ਇੰਡੋ ਤਿੱਬਤੀ ਬਾਰਡਰ ਪੁਲਿਸ ਦੇ 30 ਅਧਿਕਾਰੀਆਂ ਅਤੇ ਜਵਾਨਾਂ ਨੇ ਹਿੱਸਾ ਲਿਆ। ਸਿਖਲਾਈ ਦੇ ਕੋਰਸ ਕੁਆਰਡੀਨੇਟਰ ਡਾ. ਹਰਦੀਪ ਸਿੰਘ ਸਭਿਖੀ, ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਨੇ ਜਾਣਕਾਰੀ ਦਿੱਤੀ ਕਿ ਮਧੂਮੱਖੀ ਪਾਲਣ ਇਕ ਅਜਿਹਾ ਲਾਹੇਵੰਦ ਧੰਦਾ ਹੈ ਜਿਸ ਨੂੰ ਘੱਟ ਖਰਚੇ ਨਾਲ ਸ਼ੁਰੂ ਕਰਕੇ ਜਲਦੀ ਆਮਦਨ ਕਮਾਈ ਜਾ ਸਕਦੀ ਹੈ। ਇਸ ਧੰਦੇ ਲਈ ਜ਼ਿਆਦਾ ਸਮਾਂ ਜਾ ਮਿਹਨਤ ਦੀ ਜ਼ਰੂਰਤ ਨਾ ਹੋਣ ਕਰਕੇ ਇਸ ਨੂੰ ਪੁਲਿਸ ਫੋਰਸ ਦੇ ਜਵਾਨ ਆਪਣੀ ਡਿਊਟੀ ਦੇ ਨਾਲ-ਨਾਲ ਵੀ ਅਸਾਨੀ ਨਾਲ ਕਰ ਸਕਦੇ ਹਨ।
ਇਸ ਸਿਖਲਾਈ ਕੋਰਸ ਵਿਚ ਡਾ. ਗੁਰਉਪਦੇਸ਼ ਕੌਰ, ਇੰਚਾਰਜ, ਕੇ.ਵੀ.ਕੇ., ਪਟਿਆਲਾ ਨੇ ਆਏ ਹੋਏ ਜਵਾਨਾਂ ਨੂੰ ਚੰਗੀ ਸਿਹਤ ਬਰਕਰਾਰ ਰੱਖਣ ਲਈ ਸ਼ਹਿਦ ਦੀ ਭੂਮਿਕਾ ਬਾਰੇ ਦੱਸਦਿਆਂ ਹੋਇਆ ਇਸ ਨੂੰ ਆਪਣੀ ਰੋਜ਼ਾਨਾ ਖੁਰਾਕ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ ਅਤੇ ਜੰਮੇ ਹੋਏ ਸ਼ਹਿਦ ਦੀ ਗੁਣਵੱਤਾ ਬਾਰੇ ਚਾਨਣਾ ਪਾਇਆ। ਡਾ. ਰਚਨਾ ਸਿੰਗਲਾ, ਪ੍ਰੋਫੈਸਰ (ਬਾਗਬਾਨੀ) ਨੇ ਮਧੂਮੱਖੀਆਂ ਲਈ ਲੋੜੀਂਦੇ ਫੁੱਲ-ਫਲਾਕੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਡਾ. ਗੁਰਪ੍ਰੀਤ ਸਿੰਘ, ਸਹਾਇਕ ਪ੍ਰੋਫੈਸਰ (ਫਸਲ ਵਿਗਿਆਨ) ਨੇ ਜਵਾਨਾਂ ਨਾਲ ਆਰਗੈਨਿਕ ਸ਼ਹਿਦ ਤਿਆਰ ਕਰਨ ਦੇ ਨੁਕਤੇ ਸਾਂਝੇ ਕੀਤੇ। ਡਾ. ਰਜਨੀ ਗੋਇਲ, ਪ੍ਰੋਫੈਸਰ (ਭੋਜਨ ਵਿਗਿਆਨ) ਨੇ ਸ਼ਹਿਦ ਦੀ ਪ੍ਰੋਸੈਸਿੰਗ, ਪੈਕਿੰਗ ਅਤੇ ਲੇਬਲਿੰਗ ਦੀ ਤਕਨੀਕ ਬਾਰੇ ਸਿਖਲਾਈ ਦਿੱਤੀ। ਇਸ ਟਰੇਨਿੰਗ ਵਿਚ ਡਾ. ਜੀ.ਪੀ.ਐਸ. ਸੋਢੀ, ਵਧੀਕ ਨਿਰਦੇਸ਼ਕ (ਪਸਾਰ ਸਿੱਖਿਆ), ਪੀ.ਏ.ਯੂ., ਲੁਧਿਆਣਾ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਅਤੇ ਆਈ.ਟੀ.ਬੀ.ਪੀ. ਦੇ ਅਧਿਕਾਰੀਆਂ ਅਤੇ ਜਵਾਨਾਂ ਵੱਲੋਂ ਦੇਸ਼ ਦੀ ਸੁਰੱਖਿਆ ਕਰਨ ਵਿਚ ਪਾਏ ਜਾਂਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਮਧੂਮੱਖੀ ਪਾਲਣ ਦੁਆਰਾ ਭਾਰਤ ਦੀ ਪੋਸਣ ਸੁਰੱਖਿਆ ਵਿਚ ਵੀ ਹਿੱਸਾ ਪਾਉਣ ਲਈ ਪ੍ਰੇਰਿਤ ਕੀਤਾ। ਸਿਖਲਾਈ ਵਿਚ ਭਾਗ ਲੈਣ ਵਾਲੇ ਸਿੱਖਿਆਰਥੀਆਂ ਨੇ ਕੇ.ਵੀ.ਕੇ. ਸੈਂਟਰ ਦੇ ਮਧੂਮੱਖੀ ਪਾਲਣ ਦੇ ਪ੍ਰਦਰਸ਼ਨੀ ਯੂਨਿਟ ਵਿਖੇ ਆਪਣੇ ਹੱਥੀ ਮਧੂਮੱਖੀ ਪਾਲਣ ਦੀਆਂ ਬਰੀਕੀਆਂ ਨੂੰ ਸਿੱਖਿਆ। ਇਸ ਦੇ ਨਾਲ-ਨਾਲ ਆਈ.ਟੀ.ਬੀ.ਪੀ. ਦੇ ਅਧਿਕਾਰੀ ਸ੍ਰੀ ਰਾਕੇਸ਼ ਕੁਮਾਰ ਨੇ ਕੇ.ਵੀ.ਕੇ. ਸਟਾਫ਼ ਵੱਲੋਂ ਮਧੂਮੱਖੀ ਪਾਲਣ ਦੀ ਸਿਖਲਾਈ ਲਈ ਕੀਤੀ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਧੰਨਵਾਦ ਕੀਤਾ।