ਸ਼ੰਭੂ ਬਾਰਡਰ ’ਤੇ ਲੱਗੀ ਅੱਗ ਕਾਰਨ ਕਿਸਾਨਾਂ ਦਾ ਹੋਇਆ ਸੀ ਵੱਡਾ ਨੁਕਸਾਨ
ਪਟਿਆਲਾ : ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼ਾ ’ਤੇ ਸੰਭੂ ਬਾਰਡਰ ’ਤੇ ਬੈਠ ਕੇ ਸੰਘਰਸ਼ਸ਼ੀਲ ਕਿਸਾਨ ਭਰਾਵਾਂ ਲਈ 50 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਭੇਜੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਤਿ੍ਰੰਗ ਕਮੇਟੀ ਮੈਂਬਰ ਜਥੇਦਾਰ ਜਸਮੇਰ ਸਿੰਘ ਲਾਛੜੂ ਨੇ ਦੱਸਿਆ ਕਿ ਸ਼ੰਭੂ ਬਾਰਡਰ ’ਤੇ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਜਿਥੇ ਲਗਾਤਾਰ ਸੰਘਰਸ਼ ਕਰ ਰਹੀਆਂ ਹਨ, ਉਥੇ ਹੀ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਸਾਨ ਭਰਾਵਾਂ ਅਤੇ ਰਾਹਗੀਰਾਂ ਲਈ ਸ਼ੰਭੂ ਬਾਰਡਰ ’ਤੇ ਲੰਗਰ ਸੇਵਾਵਾਂ ਨੂੰ ਨਿਰੰਤਰ ਜਾਰੀ ਰੱਖਿਆ ਅਤੇ ਮੈਡੀਕਲ ਸੇਵਾਵਾਂ ਵੀ ਕਿਸਾਨਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ। ਅੰਤਿ੍ਰੰਗ ਕਮੇਟੀ ਮੈਂਬਰ ਜਥੇਦਾਰ ਜਸਮੇਰ ਸਿੰਘ ਲਾਛੜੂ ਨੇ ਦੱਸਿਆ ਕਿ ਸ਼ੰਭੂ ਬਾਰਡਰ ’ਤੇ ਸ਼ਾਰਟ ਸਰਕਟ ਹੋਣ ਕਾਰਨ ਕਿਸਾਨਾਂ ਦਾ ਸਾਜੋ ਸਮਾਨ ਸੜ੍ਹ ਕੇ ਸਵਾਹ ਹੋਇਆ, ਜਿਸ ਉਪਰੰਤ ਕਿਸਾਨ ਭਰਾਵਾਂ ਨੇ ਮੰਗ ਕੀਤੀ ਸੀ ਕਿ ਕਿਸੇ ਤਰੀਕੇ ਉਨ੍ਹਾਂ ਦੇ ਹੋਏ ਨੁਕਸਾਨ ਦੀ ਭਰਪਾਈ ਹੋ ਜਾਵੇ।
ਇਸ ਦੌਰਾਨ ਜਥੇਦਾਰ ਜਸਮੇਰ ਸਿੰਘ ਲਾਛੜੂ ਨੇ ਕਿਸਾਨਾਂ ਦੀ ਇਸ ਮੰਗ ਨੂੰ ਅਤਿ੍ਰੰਗ ਕਮੇਟੀ ਦੀ ਬੈਠਕ ਵਿਚ ਸ਼ੋ੍ਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕੋਲ ਚੁੱਕਿਆ, ਜਿਨ੍ਹਾਂ ਨੇ ਫੌਰੀ ਮੰਗ ਨੂੰ ਪ੍ਰਵਾਨ ਕਰਦਿਆਂ ਕਿਸਾਨ ਭਰਾਵਾਂ ਦੇ ਹੋਏ ਨੁਕਸਾਨ ਦੀ ਭਰਪਾਈ 50 ਹਜ਼ਾਰ ਰੁਪਏ ਦੀ ਰਾਸ਼ੀ ਨਾਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਹਾਇਤਾ ਰਾਸ਼ੀ ਦਾ ਚੈਕ ਪ੍ਰਾਪਤ ਕਰਨ ਲਈ ਖੁਦ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਉਨ੍ਹਾਂ ਦੇ ਸਾਥੀ ਪੁੱਜੇ ਹੋਏ ਸਨ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਸ਼ੋ੍ਮਣੀ ਕਮੇਟੀ ਵੱਲੋਂ ਕਿਸਾਨਾਂ ਲਈ ਚਲਾਏ ਜਾ ਰਹੇ ਲੰਗਰ ਅਤੇ ਮੈਡੀਕਲ ਸੇਵਾਵਾਂ ਦਿੱਤੇ ਜਾਣ ਦੀ ਸ਼ਲਾਘਾ ਕੀਤੀ ਅਤੇ ਸ਼ੋ੍ਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਦਾ ਵੀ ਧੰਨਵਾਦ ਕੀਤਾ, ਜਿਹੜੇ ਹਮੇਸ਼ਾ ਕਿਸਾਨ ਸੰਘਰਸ਼ ਪ੍ਰਤੀ ਚਿੰਤਤ ਰਹਿੰਦੇ ਹਨ। ਇਸ ਦੌਰਾਨ ਹੋਰਨਾਂ ਤੋਂ ਇਲਾਵਾ ਜਸਦੀਪ ਸਿੰਘ ਹਰਿਆਣਵੀ, ਲਾਲ ਸਿੰਘ ਮਰਦਾਪੁਰ, ਗੁਲਜ਼ਾਰ ਸਿੰਘ ਸਲੇਮਪੁਰ ਜਨਰਲ ਸੈਕਟਰੀ ਰਾਜੇਵਾਲ ਜਥੇਬੰਦੀ, ਗੁਰਜਿੰਦਰ ਸਿੰਘ ਕਬੂਲਪੁਰ, ਸੁਰਜੀਤ ਸਿੰਘ ਆਦਿ ਸ਼ਾਮਲ ਸਨ।