ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮਰਾ ਨੰਬਰ 108 'ਚ ਦਾਖਲ ਹੋ ਸਕਣਗੇ ਨਾਮਜ਼ਦਗੀ ਪੱਤਰ, ਕਮਰਾ ਨੰਬਰ 109 ਨੂੰ ਬਣਾਇਆ ਨੋਮੀਨੇਸ਼ਨ ਫੈਸਿਲੀਟੇਸ਼ਨ ਸੈਂਟਰ ਤੇ ਉਡੀਕ ਘਰ
ਸੁਵਿਧਾ ਪੋਰਟਲ 'ਤੇ ਫਾਰਮ ਆਨਲਾਈਨ ਭਰਕੇ ਪ੍ਰਿੰਟ ਕੱਢਕੇ ਵੀ ਜਮ੍ਹਾਂ ਕਰਵਾਇਆ ਜਾ ਸਕੇਗਾ-ਸ਼ੌਕਤ ਅਹਿਮਦ ਪਰੇ
ਪਟਿਆਲਾ : ਜ਼ਿਲ੍ਹਾ ਚੋਣ ਅਫ਼ਸਰ-ਕਮ-ਰਿਟਰਨਿੰਗ ਅਫ਼ਸਰ ਲੋਕ ਸਭਾ ਹਲਕਾ 13-ਪਟਿਆਲਾ-ਕਮ-ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਆਗਾਮੀ ਲੋਕ ਸਭਾ ਚੋਣਾਂ ਸਬੰਧੀ ਮਿਤੀ 7 ਮਈ ਤੋਂ 14 ਮਈ ਤੱਕ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਸਿਖਲਾਈ ਦਿੰਦਿਆਂ ਰਾਜਨੀਤਿਕ ਪਾਰਟੀਆਂ ਤੇ ਚੋਣ ਲੜਨ ਵਾਲੇ ਸੰਭਾਵੀਂ ਉਮੀਦਵਾਰਾਂ ਨੂੰ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਨੇ ਇਸ ਮੌਕੇ ਦੱਸਿਆ ਕਿ ਨਾਮਜ਼ਦਗੀਆਂ ਦਾਖਲ ਕਰਨ ਲਈ ਫਾਰਮ ਦੋ-ਏ ਦਾ ਕੋਈ ਵੀ ਖਾਨਾ ਖਾਲੀ ਨਾ ਛੱਡਿਆ ਜਾਵੇ ਤੇ ਸਾਰੀ ਜਾਣਕਾਰੀ ਪੂਰੀ ਭਰੀ ਜਾਵੇ, ਅਧੂਰਾ ਫਾਰਮ ਰੱਦ ਕੀਤਾ ਜਾਵੇਗਾ। ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬੈਠਕ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਲੋਕ ਸਭਾ ਚੋਣਾਂ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਸ਼ੈਡਿਊਲ ਅਨੁਸਾਰ ਮਿਤੀ 1 ਜੂਨ ਨੂੰ ਵੋਟਾਂ ਪੈਣਗੀਆਂ। ਮਿਤੀ 7 ਮਈ ਨੂੰ ਅਧਿਸੂਚਨਾ ਜਾਰੀ ਹੋਵੇਗੀ ਤੇ ਇਸੇ ਦਿਨ ਨਾਮਜ਼ਦਗੀ ਪੱਤਰ ਸਵੇਰੇ 11 ਵਜੇ ਲਏ ਜਾਣੇ ਸ਼ੁਰੂ ਹੋਣਗੇ। ਮਿਤੀ 11 ਮਈ ਦੂਜਾ ਸ਼ਨੀਵਾਰ ਤੇ 12 ਮਈ ਐਤਵਾਰ ਨੂੰ ਛੁੱਟੀ ਹੋਵੇਗੀ ਤੇ 14 ਮਈ ਤੱਕ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਸਕਣਗੇ। 15 ਮਈ ਨੂੰ ਨਾਮਜ਼ਦਗੀ ਪੱਤਰਾਂ ਦੀ ਛਾਣਬੀਣ ਕੀਤੀ ਜਾਵੇਗੀ ਅਤੇ 17 ਮਈ ਤੱਕ ਉਮੀਦਵਾਰਾਂ ਵੱਲੋਂ ਆਪਣੇ ਨਾਮ ਵਾਪਸ ਲਏ ਜਾਣੇ ਹਨ। ਉਨ੍ਹਾਂ ਦੱਸਿਆ ਕਿ ਇਹ ਨਾਮਜ਼ਦਗੀਆਂ ਰਿਟਰਨਿੰਗ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਜਾਂ ਸਹਾਇਕ ਰਿਟਰਨਿੰਗ ਅਫ਼ਸਰ ਅਸੈਂਬਲੀ ਸੈਗਮੈਂਟ-110 ਪਟਿਆਲਾ ਦਿਹਾਤੀ-ਕਮ-ਏ.ਡੀ.ਸੀ (ਸ਼ਹਿਰੀ ਵਿਕਾਸ) ਵੱਲੋਂ ਡਿਪਟੀ ਕਮਿਸ਼ਨਰ ਦੇ ਕੋਰਟ ਰੂਮ ਕਮਰਾ ਨੰਬਰ 108 ਗਰਾਊਂਡ ਫਲੋਰ ਮਿੰਨੀ ਸਕੱਤਰੇਤ ਪਟਿਆਲਾ ਵਿਖੇ ਲਈਆਂ ਜਾਣਗੀਆ। ਇਸ ਤੋਂ ਬਿਨ੍ਹਾਂ ਚੋਣ ਲੜਨ ਵਾਲੇ ਉਮੀਦਵਾਰਾਂ ਲਈ ਏ.ਡੀ.ਸੀ. (ਜ) ਦੇ ਕੋਰਟ ਰੂਮ ਨੰਬਰ 109 ਨੂੰ ਨੋਮੀਨੇਸ਼ਨ ਫੈਸਿਲੀਟੇਸ਼ਨ ਸੈਂਟਰ ਤੇ ਉਡੀਕ ਘਰ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਉਮੀਦਵਾਰਾ ਆਪਣੀ ਸਹੂਲਤ ਲਈ ਪਹਿਲਾਂ ਆ ਕੇ ਇਥੇ ਆਪਣੇ ਫਾਰਮ ਚੈਕ ਵੀ ਕਰਵਾ ਸਕਦੇ ਹਨ। ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਜੇਕਰ ਮਾਨਤਾ ਪ੍ਰਾਪਤ ਜਾਂ ਰਜਿਸਟਰਡ-ਗ਼ੈਰ ਮਾਨਤਾ ਪ੍ਰਾਪਤ ਰਾਜਨੀਤਿਕ ਦਲ ਵੱਲੋਂ ਚੋਣ ਲੜ ਰਿਹਾ ਹੈ ਤਾਂ ਫਾਰਮ ਏ ਤੇ ਬੀ ਅਤੇ ਟਿਕਟ ਅਸਲ ਰੂਪ ਵਿੱਚ ਨਾਲ ਲੱਗੇਗੀ ਤੇ ਇੱਕ ਵੋਟਰ ਉਸਦੇ ਨਾਮ ਦੀ ਤਜਵੀਜ਼ ਕਰੇਗਾ। ਜਦਕਿ ਉਮੀਦਵਾਰ ਆਜ਼ਾਦ ਚੋਣ ਲੜ ਰਿਹਾ ਹੈ ਤਾਂ ਉਸਦਾ ਨਾਮ ਹਲਕੇ ਦੇ 10 ਹੋਰ ਵੋਟਰਾਂ ਵੱਲੋਂ ਤਜਵੀਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਨਰਲ ਉਮੀਦਵਾਰ ਲਈ 25000 ਰੁਪਏ ਸੀਕਿਉਰਿਟੀ ਫੀਸ ਅਤੇ ਐਸ.ਸੀ. ਤੇ ਐਸ.ਟੀ. ਉਮੀਦਵਾਰ ਲਈ 12500 ਰੁਪਏ ਸੀਕਿਉਰਿਟੀ ਫੀਸ ਤੈਅ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਦੱਸਿਆ ਕਿ ਨੌਮੀਨੇਸ਼ਨ ਸੈੱਟ ਚੋਣ ਦਫ਼ਤਰ ਵੱਲੋਂ ਮੁਹੱਈਆ ਕਰਵਾਏ ਜਾ ਰਹੇ ਹਨ, ਇਸ ਲਈ ਉਮੀਦਵਾਰ ਲੋੜੀਂਦੀ ਜਾਣਕਾਰੀ ਐਫੀਡੇਵਿਟ 26 ਵਿੱਚ ਲਾਜਮੀ ਭਰਨ ਅਤੇ ਆਪਣੇ ਵਿਰੁੱਧ ਦਰਜ ਕੇਸ ਬਾਰੇ ਜਾਣਕਾਰੀ ਦਾ ਇਸ਼ਤਿਹਾਰ ਚੋਣ ਪ੍ਰਚਾਰ ਦੌਰਾਨ 3 ਵਾਰ ਅਖ਼ਬਾਰ ਤੇ ਟੀ ਵੀ ਚੈਨਲ 'ਤੇ ਪ੍ਰਕਾਸ਼ਤ ਕਰਵਾਉਣਾ ਲਾਜਮੀ ਹੋਵੇਗਾ। ਜੇਕਰ ਕਿਸੇ ਉਮੀਦਵਾਰ ਵਿਰੁੱਧ ਲੋਕ ਪ੍ਰਤੀਨਿੱਧਤਾ ਐਕਟ ਤਹਿਤ ਕੋਈ ਜੁਰਮਾਨਾ ਵੀ ਹੋਇਆ ਹੈ ਜਾਂ ਕੋਈ ਮਾਮਲਾ ਦਰਜ ਹੈ ਤਾਂ ਉਸਦੀ ਉਮੀਦਵਾਰ ਰੱਦ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਉਮੀਦਵਾਰ ਆਪਣੇ ਸੋਸ਼ਲ ਮੀਡੀਆ ਖਾਤਿਆਂ ਦੀ ਜਾਣਕਾਰੀ ਵੀ ਫਾਰਮ ਵਿੱਚ ਦੇਵੇਗਾ ਅਤੇ ਆਪਣੇ ਜੋਣ ਖ਼ਰਚੇ ਲਈ ਆਪਣਾ ਵੱਖਰਾ ਬੈਂਕ ਖਾਤਾ ਖੁਲ੍ਹਵਾਏਗਾ। ਉਸਨੂੰ ਆਪਣੇ ਬੈਂਕ ਖਾਤਿਆਂ, ਚੱਲ ਤੇ ਅੱਚਲ ਸੰਪਤੀ ਦਾ ਵੇਰਵਾ ਦੇਣਾ ਵੀ ਲਾਜਮੀ ਹੈ। ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਨੇ ਉਮੀਦਵਾਰਾਂ ਦੀ ਸਹੂਲਤ ਲਈ ਸੁਵਿਧਾ ਡਾਟ ਈਸੀਆਈ ਡਾਟ ਜੀਓਵੀ ਡਾਟ ਇਨ ਪੋਰਟਲ ਉਪਰ ਵੀ ਨਾਮਜ਼ਦਗੀ ਆਨਲਾਈਨ ਭਰਨ ਦੀ ਸੁਵਿਧਾ ਦਿੱਤੀ ਹੈ ਅਜਿਹਾ ਕਰਨ ਨਾਲ ਗ਼ਲਤੀ ਦੀ ਗੁੰਜਾਇਜ਼ ਘੱਟ ਜਾਵੇਗੀ ਅਤੇ ਉਮੀਦਵਾਰ ਇਸਨੂੰ ਭਰਕੇ ਇਸਦਾ ਪ੍ਰਿੰਟ ਕੱਢਕੇ ਵੀ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਉਮੀਦਵਾਰ ਕੇਵਲ 5 ਵਿਅਕਤੀ ਤੇ 3 ਗੱਡੀਆਂ ਲੈਕੇ ਹੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ 100 ਮੀਟਰ ਘੇਰੇ ਤੱਕ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਆ ਸਕਦਾ ਹੈ, ਇਸ ਲਈ ਸਮੂਹ ਉਮੀਦਵਾਰ ਚੋਣ ਜਾਬਤੇ ਅਤੇ ਸਬੰਧਤ ਨਿਯਮਾਂ ਦੀ ਪਾਲਣਾ ਕਰਨ। ਮੀਟਿੰਗ ਮੌਕੇ ਏ.ਡੀ.ਸੀ. ਸ਼ਹਿਰੀ ਵਿਕਾਸ-ਕਮ-ਏ.ਆਰ.ਓ. ਨਵਰੀਤ ਕੌਰ ਸੇਖੋਂ, ਚੋਣ ਤਹਿਸੀਲਦਾਰ ਵਿਜੇ ਕੁਮਾਰ ਚੌਧਰੀ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਵੀ ਮੌਜੂਦ ਸਨ।