ਫ਼ਤਹਿਗੜ੍ਹ ਸਾਹਿਬ : ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਤੇ ਟਰਾਂਸਪੋਰਟ ਵਿਭਾਗ ਵੱਲੋਂ ਸਾਂਝੇ ਤੌਰ ਤੇ ਜੀਸਸ ਕ੍ਰਾਈਸਟ ਸਕੂਲ ਸਮਸ਼ੇਰ ਨਗਰ ਵਿਖੇ ਸਕੂਲੀ ਬੱਸਾਂ ਦੇ ਡਰਾਈਵਰਾਂ, ਕੰਡਕਟਰਾਂ ਤੇ ਮਹਿਲਾ ਅਟੈਂਡੰਟਜ਼ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿੱਚ ਸੇਫ ਸਕੂਲ ਵਾਹਨ ਪਾਲਿਸੀ ਅਤੇ ਸੜਕ ਸੁਰੱਖਿਆ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ. ਹਰਭਜਨ ਸਿੰਘ ਨੇ ਕਿਹਾ ਕਿ ਸਕੂਲਾਂ ਦੀਆਂ ਮੈਨੇਜਮੈਂਟ ਕਮੇਟੀਆਂ ਵੱਲੋਂ ਸਕੂਲੀ ਬੱਸ ਡਰਾਈਵਰਾਂ ਦੀ ਚੋਣ ਧਿਆਨ ਨਾਲ ਕਰਨੀ ਚਾਹੀਦੀ ਹੈ। ਕਮੇਟੀਆਂ ਨੂੰ ਇਹ ਵੇਖਣਾ ਚਾਹੀਦਾ ਹੈ ਕਿ ਡਰਾਈਵਰ ਕਿਸੇ ਕਿਸਮ ਦਾ ਨਸ਼ਾ ਨਾ ਕਰਦੇ ਹੋਣ ਅਤੇ ਸਰੀਰਕ ਪੱਖੋਂ ਵੀ ਤੰਦਰੁਸਤ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸੇਫ ਸਕੂਲ ਵਾਹਨ ਪਾਲਿਸੀ ਦਾ ਮਕਸਦ ਬੱਚਿਆਂ ਨੂੰ ਸੁਰੱਖਿਅਤ ਸਕੂਲੀ ਵਾਹਨ ਮੁਹੱਈਆਂ ਕਰਵਾਉਣਾ ਹੈ, ਤਾਂ ਜੋ ਨਿਯਮਾਂ ਨੂੰ ਮੁੱਖ ਰੱਖਦੇ ਹੋਏ ਸਕੂਲੀ ਬੱਸਾਂ ਵਿੱਚ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾਣ ਅਤੇ ਹਰ ਇੱਕ ਬੱਸ ਵਿੱਚ ਮਹਿਲਾ ਅਟੈਡੈਂਟ ਦਾ ਹੋਣਾ ਲਾਜ਼ਮੀ ਹੋਵੇ। ਇਸ ਦੇ ਨਾਲ ਹੀ ਸਕੂਲੀ ਬੱਸਾਂ ਦੇ ਵੈਨ ਨੰਬਰ, ਕਿਸਮ, ਮਾਡਲ, ਬੈਠਣ ਦੀ ਸੀਟ ਕਪੈਸਟੀ, ਫਿੱਟਨਸ ਸਰਟੀਫਿਕੇਟ, ਵੈਲੀਡਿਟੀ, ਪਰਮਿਟ, ਕੰਟਰੈਕਟ ਨੰਬਰ ਆਫ ਸਕੂਲ ਅਥਾਰਟੀ , ਸਪੀਡ ਗਵਰਨਰ , ਸੀ.ਸੀ.ਟੀ.ਵੀ, ਵੈਨ ਡੋਰ , ਲਾਕਸ , ਹਾਈਡਰੋਲਿਕ , ਜੈੱਕ , ਐਮਰਜੈਂਸੀ ਐਕਜਿਟ , ਸਟਾਪ ਸਾਈਨ, ਬਜਰ , ਫਸਟ ਏਡ ਕਿੱਟ ਅਤੇ ਅੱਗ ਬਜਾਊ ਸਿਲੰਡਰ ਆਦਿ ਦਾ ਹਰ ਬੱਸ ਵਿੱਚ ਹੋਣਾ ਲਾਜਮੀ ਹੋਵੇ। ਇਸ ਮੌਕੇ ਸਹਾਇਕ ਟਰਾਂਸਪੋਰਟ ਅਫਸਰ ਸ਼੍ਰੀ ਪ੍ਰਦੀਪ ਕੁਮਾਰ ਨੇ ਕਿਹਾ ਗਿਆ ਕਿ ਪੰਜਾਬ ਸੇਫ ਸਕੂਲ ਵਾਹਨ ਪਾਲਿਸੀ ਅਧੀਨ ਸਕੂਲ ਦੀ ਹਰੇਕ ਬੱਸ ਦੇ ਉੱਪਰ ਸਕੂਲ ਦਾ ਫੋਨ ਨੰਬਰ ਲਿਖਣਾ ਲਾਜ਼ਮੀ ਹੈ। ਸਕੂਲ ਵੱਲੋਂ ਨਿਯੁਕਤ ਸਕੂਲੀ ਬੱਸ ਡਰਾਈਵਰ ਦਾ ਕੋਈ ਵੀ ਪਿਛਲਾ ਅਪਰਾਧਿਕ ਰਿਕਾਰਡ/ ਗੰਭੀਰ ਅਪਰਾਧੀ ਨਹੀਂ ਹੋਣਾ ਚਾਹੀਦਾ, ਡਰਾਈਵਰਾਂ ਵੱਲੋਂ ਕੋਈ ਵੀ ਨਸ਼ੀਲੇ ਪਦਾਰਥ ਦਾ ਸੇਵਨ ਨਾ ਕੀਤਾ ਜਾਵੇ। ਹਰ ਬੱਸ ਦੇ ਵਿੱਚ ਐਮਰਜੈਂਸੀ ਡੋਰ/ਵਿੰਡੋ ਦੀ ਸਹੂਲਤ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬੱਸਾਂ ਵਿੱਚ ਨਿਰਧਾਰਿਤ ਸੀਟਾਂ ਤੋਂ ਵੱਧ ਬੱਚੇ ਨਹੀਂ ਬਿਠਾਉਣੇ ਚਾਹੀਦੇ ਅਤੇ ਸਕੂਲੀ ਬੱਸਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਕਬਾੜ ਜਾਂ ਅਪੱਤੀਜਨਕ ਵਸਤੂਆਂ ਨਹੀਂ ਹੋਣੀਆਂ ਚਾਹੀਦੀਆਂ। ਉਨ੍ਹਾਂ ਕਿਹਾ ਕਿ ਚੈਕਿੰਗ ਦੌਰਾਨ ਜੇਕਰ ਕੋਈ ਬੱਸ ਅਨਫਿਟ ਪਾਈ ਜਾਂਦੀ ਹੈ ਤਾਂ ਉਸੇ ਸਮੇਂ ਸੇਫ ਸਕੂਲ ਵਾਹਨ ਪਾਲਿਸੀ ਦੀ ਚੈਕਿੰਗ ਟੀਮ ਦੀ ਹਾਜਰੀ ਵਿੱਚ ਸਬੰਧਤ ਸਕੂਲ ਤੇ ਕਾਰਵਾਈ ਕੀਤੀ ਜਾਵੇਗੀ ਅਤੇ ਸਕੂਲੀ ਬੱਸਾਂ ਦੇ ਚਲਾਨ ਵੀ ਕੱਟੇ ਜਾਣਗੇ ਅਤੇ ਚੈਕਿੰਗ ਦੌਰਾਨ ਜੇਕਰ ਬੱਸਾਂ ਦੀ ਹਾਲਤ ਠੀਕ ਨਾ ਪਾਈ ਗਈ ਤਾਂ ਬੱਸ ਬੰਦ ਕੀਤੀ ਜਾਵੇਗੀ।ਇਸ ਮੌਕੇ ਏ.ਐਸ.ਆਈ ਗੁਰਮੀਤ ਸਿੰਘ, ਪਵਿੱਤਰ ਸਿੰਘ ਆਰ.ਟੀ.ਓ ਵਿਭਾਗ, ਹਰਿੰਦਰ ਸਿੰਘ, ਸਕੂਲ ਪ੍ਰਿੰਸੀਪਲ ਅਤੇ ਹੋਰ ਸਟਾਫ ਮੈਂਬਰ ਵੀ ਹਾਜਰ ਸਨ।