ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਰਾਜਨੀਤੀ ਵਿਗਿਆਨ ਵਿਭਾਗ ਵੱਲੋਂ ‘2024 ਦੀਆਂ ਪਾਰਲੀਮੈਂਟ ਚੋਣਾਂ: ਮਸਲੇ ਅਤੇ ਸਰੋਕਾਰ’ ਵਿਸ਼ੇ ਉੱਤੇ ਭਾਸ਼ਣ ਕਰਵਾਇਆ ਗਿਆ। ਇਹ ਭਾਸ਼ਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਾਜਨੀਤੀ ਵਿਗਿਆਨ ਵਿਭਾਗ ਤੋਂ ਪੁੱਜੇ ਪ੍ਰੋ. ਜਗਰੂਪ ਸਿੰਘ ਸੇਖੋਂ ਨੇ ਦਿੱਤਾ। ਉਨ੍ਹਾਂ ਆਪਣੇ ਭਾਸ਼ਣ ਵਿੱਚ ਕਿਹਾ ਕਿ ਵਿਚਾਰਧਾਰਾ ਕਿਸੇ ਵੀ ਰਾਜਨੀਤੀ ਦੀ ਰੂਹ ਹੁੰਦੀ ਹੈ ਜੋ ਸਾਡੇ ਅਜੋਕੇ ਦੌਰ ਦੀ ਰਾਜਨੀਤੀ ਵਿੱਚੋਂ ਗੁਆਚਦੀ ਜਾ ਰਹੀ ਹੈ। ਅੱਜ ਦੀ ਰਾਜਨੀਤੀ ਪਾਰਟੀ ਜਾਂ ਵਿਚਾਰਧਾਰਾ ਨੂੰ ਮਜ਼ਬੂਤ ਕਰਨ ਦੀ ਬਜਾਇ ਸ਼ਖ਼ਸੀਅਤਾਂ ਨੂੰ ਮਜ਼ਬੂਤ ਕਰਨ ਵੱਲ ਰੁਚਿਤ ਹੈ। ਉਨ੍ਹਾਂ ਕਿਹਾ ਕਿ ਸਾਨੂੰ ਅਪਣੇ ਦੇਸ ਦੀਆਂ ਅਮੀਰ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਬਚਾਉਣ ਲਈ ਆਪੋ ਆਪਣੇ ਹਿੱਸੇ ਦਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਰਾਜਨੀਤੀ ਵਿੱਚ ਆਏ ਨਿਘਾਰ ਕਾਰਨ ਆਮ ਲੋਕਾਂ ਦਾ ਲੋਕਤੰਤਰੀ ਸੰਸਥਾਵਾਂ ਵਿੱਚੋਂ ਵਿਸ਼ਵਾਸ਼ ਉੱਠ ਰਿਹਾ ਹੈ। ਰਾਜਨੀਤੀ ਵਿੱਚ ਆਮ ਲੋਕਾਂ ਦੀ ਦਿਲਚਸਪੀ ਘਟ ਰਹੀ ਹੈ। ਸਾਖਰਤਾ ਦਰ ਵਿੱਚ ਵਾਧਾ ਹੋਣ ਦੇ ਬਾਵਜੂਦ ਵੋਟ ਭੁਗਤਾਨ ਦੀ ਦਰ ਵਿੱਚ ਕਟੌਤੀ ਹੋਣਾ ਇਸ ਗੱਲ ਦਾ ਹੀ ਸੰਕੇਤ ਹੈ।
ਉਨ੍ਹਾਂ ਸ਼ਕਤੀਆਂ ਦੇ ਵਿਕੇਂਦਰੀਕਰਣ ਵਾਲੇ ਵਿਚਾਰ ਦੀ ਵਕਾਲਤ ਕਰਦਿਆਂ ਕਿਹਾ ਕਿ ਸੱਤਾ ਅਤੇ ਸ਼ਕਤੀ ਜਿੰਨੇ ਵੱਧ ਥਾਵਾਂ ਉੱਤੇ ਵੰਡੀ ਹੋਵੇਗੀ, ਸਿਸਟਮ ਓਨਾ ਹੀ ਬਿਹਤਰ ਹੋਵੇਗਾ। ਇੱਕ ਹੋਰ ਅਹਿਮ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਸਾਡਾ ਦੇਸ ਜੋ ਬਹੁਤ ਸਾਰੇ ਅਧਾਰਾਂ ਉੱਤੇ ਵੱਖਰਤਾਵਾਂ ਅਤੇ ਵੰਨ-ਸੁਵੰਨਤਾਵਾਂ ਨਾਲ਼ ਭਰਿਆ ਹੋਇਆ ਹੈ, ਇਸ ਅਨੇਕਤਾ ਨੂੰ ਏਕਤਾ ਵਿੱਚ ਪਰੋਣ ਲਈ ਮਜ਼ਬੂਤ, ਬਿਹਤਰ ਅਤੇ ਸਕਾਰਾਤਮਕ ਰਾਜਨੀਤੀ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਮਸਲੇ ਹੱਲ ਕਰ ਕੇ ਹੀ ਲੋਕਾਂ ਵਿਚਲੀ ਬੇਗਾਨਗੀ ਦੀ ਭਾਵਨਾ ਨੂੰ ਦੂਰ ਕੀਤਾ ਜਾ ਸਕਦਾ ਹੈ। ਵਿਭਾਗ ਮੁਖੀ ਡਾ. ਪਰਮਜੀਤ ਕੌਰ ਗਿੱਲ ਨੇ ਆਪਣੇ ਸਵਾਗਤੀ ਭਾਸ਼ਣ ਦੌਰਾਨ ਮੌਜੂਦਾ ਦੌਰ ਦੇ ਰਾਜਨੀਤਿਕ ਰੁਝਾਨਾਂ ਦੇ ਹਵਾਲੇ ਨਾਲ਼ ਗੱਲ ਕਰਦਿਆਂ ਭਾਰਤੀ ਰਾਜਨੀਤੀ ਬਾਰੇ ਆਪਣੀਆਂ ਅਹਿਮ ਟਿੱਪਣੀਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਦੇ ਚੋਣ ਪ੍ਰਚਾਰ ਵਿੱਚ ਆਮ ਜਨਤਾ ਦੇ ਮੁੱਦੇ ਗਾਇਬ ਹਨ। ਭਾਸ਼ਣ ਉਪਰੰਤ ਵਿਦਿਆਰਥੀਆਂ ਵੱਲੋਂ ਸਵਾਲ ਪੁੱਛ ਕੇ ਸੰਵਾਦ ਰਚਾਇਆ ਗਿਆ। ਅੰਤ ਉੱਤੇ ਵਿਭਾਗ ਵੱਲੋਂ ਪ੍ਰੋ. ਜਗਰੂਪ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਗੁਰਜੀਤ ਪਾਲ ਸਿੰਘ, ਡਾ. ਪੂਜਾ ਸ਼ਰਮਾ, ਡਾ. ਰਾਕੇਸ਼ ਕੁਮਾਰ ਖੁਰਾਣਾ, ਡਾ. ਹਰਸੰਗੀਤਪਾਲ ਕੌਰ ਆਦਿ ਹਾਜ਼ਰ ਰਹੇ।