ਪਟਿਆਲਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਦੱਸਿਆ ਕਿ ਆਉਣ ਵਾਲੇ ਸਾਉਣੀ ਦੇ ਸੀਜ਼ਨ ਵਿਚ ਪੰਜਾਬ ਵਿਚ ਕਿਸਾਨਾਂ ਵੱਲੋਂ ਝੋਨੇ ਦੀ ਬਿਜਾਈ ਵੱਡੇ ਪੱਧਰ ਤੇ ਕੀਤੀ ਜਾਣੀ ਹੈ। ਯੂਨੀਵਰਸਿਟੀ ਵੱਲੋਂ ਬਿਜਾਈ ਲਈ ਪਰਮਲ ਝੋਨੇ ਦੀਆਂ 11 ਕਿਸਮਾਂ ਦੀ ਸਿਫ਼ਾਰਿਸ਼ ਕੀਤੀ ਗਈ ਹੈ। ਜਿਨ੍ਹਾਂ ਵਿਚ ਪੀ.ਆਰ. 121, ਪੀ.ਆਰ 122, ਪੀ.ਆਰ 126, ਪੀ.ਆਪ 128 ਅਤੇ ਪੀ.ਆਰ 131 ਪ੍ਰਮੁੱਖ ਹਨ। ਝੋਨੇ ਦੀਆਂ ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਅਗੇਤੀ ਲਵਾਈ ਨੂੰ ਸੂਬੇ ਵਿਚ ਪਾਣੀ ਦਾ ਪੱਧਰ ਡਿੱਗਣ ਦਾ ਇਕ ਵੱਡਾ ਕਾਰਨ ਮੰਨਿਆ ਜਾਂਦਾ ਹੈ। ਕਿਸਾਨਾਂ ਨੂੰ ਯੂਨੀਵਰਸਿਟੀ ਵੱਲੋਂ ਪੁਰਜ਼ੋਰ ਅਪੀਲ ਕੀਤੀ ਗਈ ਹੈ ਕਿ ਉਹ ਝੋਨੇ ਦੀਆਂ ਘੱਟ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ ਦੀ ਬਿਜਾਈ ਕਰਨ ਤਾਂ ਜੋ ਕਿਸਾਨ ਘੱਟ ਸਮੇਂ ਵਿਚ ਖਰਚੇ ਅਤੇ ਪਾਣੀ ਦੀ ਬੱਚਤ ਦੇ ਨਾਲ-ਨਾਲ ਪੂਰਾ ਝਾੜ ਲੈ ਸਕਣ। ਇਸੇ ਲੜੀ ਵਿਚ ਡਾ. ਗੁਰਉਪਦੇਸ਼ ਕੌਰ, ਇੰਚਾਰਜ, ਕ੍ਰਿਸ਼ੀ ਵਿਗਿਆਨ ਕੇਂਦਰ, ਰੌਣੀ ਪਟਿਆਲਾ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਝੋਨੇ ਦੀ ਪੀ.ਆਰ 126 ਕਿਸਮ, ਜੋ ਕਿ ਕਿਸਾਨਾਂ ਦੀ ਹਰਮਨ ਪਿਆਰੀ ਕਿਸਮ ਹੈ ਦੀ ਕਾਸ਼ਤ ਵੱਧ ਤੋਂ ਵੱਧ ਕਰਨ। ਇਹ ਕਿਸਮ ਬਾਕੀ ਸਾਰੀਆਂ ਕਿਸਮਾਂ ਨਾਲੋਂ ਪੱਕਣ ਵਿਚ ਘੱਟ ਸਮਾਂ, ਬਿਜਾਈ ਤੋਂ ਬਾਅਦ ਕਰੀਬ 93 ਦਿਨ ਲੈਂਦੀ ਹੈ ਅਤੇ ਔਸਤਨ ਝਾੜ 30.0 ਕੁਇੰਟਲ ਪ੍ਰਤੀ ਏਕੜ ਪ੍ਰਾਪਤ ਹੁੰਦਾ ਹੈ। ਇਸ ਕਿਸਮ ਦੀ ਬਿਜਾਈ ਕਰਕੇ ਕਿਸਾਨ ਖੇਤੀ ਖਰਚੇ, ਸਮੇਂ ਅਤੇ ਧਰਤੀ ਹੇਠਲੇ ਪਾਣੀ ਦੀ ਬੱਚਤ ਦੇ ਨਾਲ-ਨਾਲ ਚੰਗਾ ਮੁਨਾਫ਼ਾ ਲੈ ਸਕਦੇ ਹਨ। ਪੰਜਾਬ ਰਾਈਸ ਮਿਲਰਜ ਐਸੋਸੀਏਸ਼ਨ ਵੱਲੋਂ ਵੀ ਝੋਨੇ ਦੀ ਪੀ.ਆਰ. 126 ਕਿਸਮ ਚ ਕੋਈ ਨੁਕਸ ਨਾ ਹੋਣ ਦਾ ਹਵਾਲਾ ਦਿੱਤਾ ਗਿਆ ਹੈ। ਬੀਜ ਖਰੀਦਣ ਦੇ ਚਾਹਵਾਨ ਕਿਸਾਨ ਇਹ ਬੀਜ 56 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ (24 ਕਿੱਲੋ ਪੈਕਿੰਗ = 1350/-ਰੁਪਏ), ਸਵੇਰੇ 10.00 ਵਜੇ ਤੋਂ ਸ਼ਾਮ 4.00 ਵਜੇ ਤੱਕ ਰੌਣੀ ਫਾਰਮ ਤੋਂ ਹਫ਼ਤੇ ਦੇ ਕਿਸੇ ਵੀ ਦਿਨ ਖ਼ਰੀਦ ਸਕਦੇ ਹਨ।