ਮਾਲੇਰਕੋਟਲਾ : ਵੋਟਰਾਂ ਨੂੰ ਆਗਾਮੀ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਵੱਧ-ਚੜ੍ਹ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਲਈ ਜਾਗਰੂਕ ਕਰਨ ਦੇ ਮਕਸਦ ਨਾਲ ਜ਼ਿਲ੍ਹਾ ਚੋਣ ਅਫਸਰ ਮਾਲੇਰਕੋਟਲਾ ਡਾ ਪੱਲਵੀ ਦੇ ਦਿਸ਼ਾ- ਨਿਰਦੇਸ਼ਾਂ ਅਧੀਨ ਸਕੂਲਾਂ, ਕਾਲਜਾਂ ਅਤੇ ਹੋਰ ਵਿੱਦਿਅਕ ਅਦਾਰਿਆਂ ਵਿੱਚ ਵਿਦਿਆਰਥੀਆਂ ਦੇ ਮਹਿੰਦੀ ਲਗਾਉਣ, ਭਾਸ਼ਣ ਮੁਕਾਬਲੇ, ਰੰਗੋਲੀ ਬਣਾਉਣ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ ਤਾਂ ਜੋ 100ਫੀਂਸਦੀ ਭਾਗੀਦਾਰੀ ਨੂੰ ਯਕੀਨੀ ਬਣਾਇਆ ਜਾ ਸਕੇ । ਇਸ ਤੋਂ ਇਲਾਵਾ ਨੌਜਵਾਨਾਂ ਵਿੱਚ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਜ਼ਿਲ੍ਹੇ ਦੇ ਆਈਲੈਟਸ ਕੇਂਦਰਾਂ, ਪ੍ਰਮੁੱਖ ਸਥਾਨਾਂ ਤੇ ਜਾਗਰੂਕਤਾ ਹੋਰਡਿੰਗਜ਼ ਆਦਿ ਕਰਵਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ। ਜ਼ਿਲ੍ਹੇ ਵਿੱਚ ਆਮ ਲੋਕਾਂ ਦੀ ਸਮੂਲੀਅਤ ਨੂੰ ਵਧਾਉਣ ਲਈ ਆਂਗਣਵਾੜੀ ਵਰਕਰਾਂ ਅਤੇ ਸਿਹਤ ਵਿਭਾਗ ਦੀਆਂ ਆਸ਼ਾ ਵਰਕਰਾਂ ਤੇ ਏ.ਐਨ.ਐਮ ਦੇ ਸਹਿਯੋਗ ਨਾਲ ਘਰ- ਘਰ ਦਸਤਕ ਮੁਹਿੰਮ ਵੀ ਆਰੰਭੀ ਹੋਈ ਹੈ। ਇਸੇ ਲੜੀ ਤਹਿਤ ਸਥਾਨਕ ਓ- ਏਸਿਸ ਪਬਲਿਕ ਸਕੂਲ ਮਾਲੇਰਕੋਟਲਾ ਦੇ ਡਾਇਰੈਕਟਰ ਰਿਹਾਨਾ ਸਲੀਮ ਅਤੇ ਪ੍ਰਿੰਸੀਪਲ ਰਿਫਤ ਉਸਮਾਨੀ ਦੀ ਦੇਖਰੇਖ ਵਿੱਚ ਸਵੀਪ ਗਤੀਵਿਧੀਆਂ ਅਧੀਨ ਚਾਰਟ ਮੇਕਿੰਗ ਮੁਕਾਬਲੇ ਕਰਵਾਏ ਗਏ।ਇਨ੍ਹਾਂ ਚਾਰਟ ਮੁਕਾਬਲਿਆਂ ਵਿੱਚ ਨੌਵੀਂ ਤੋਂ ਲੈ ਕੇ ਬਾਰਵੀਂ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਪੋਸਟਰ ਮੁਕਾਬਲਿਆਂ ਰਾਹੀਂ ਸਕੂਲ ਦੇ ਵਿਦਿਆਰਥੀਆਂ ਨੇ ਆਮ ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਸਲੋਗਨ ਜਿਵੇਂ ਕਿ “ਦੇਸ਼ ਦੇ ਚੰਗੇ ਭਵਿੱਖ ਲਈ ਆਪਣਾ ਵੋਟ ਜਰੂਰ ਦਿਓ ”, “ ਮੇਰੀ ਵੋਟ ਮੇਰਾ ਭਵਿੱਖ ਹੈ ”, “ਇੱਕ- ਇੱਕ ਵੋਟ ਕੀਮਤੀ ਹੈ ”, “ਜ਼ਿਨ੍ਹਾਂ ਹੋ ਸਕੇ, ਕਰੋ ਮੱਤਦਾਨ ਤਾਂ ਕਿ ਹੋ ਸਕੇ ਦੇਸ਼ ਦਾ ਕਲਿਆਣ” ,“ਵੋਟ ਕਰ ਮਾਲੇਰਕੋਟਲਾ ”, “ਮੇਰਾ ਦੇਸ਼ ਦੇ ਨਾਮ ਪਹਿਲਾ ਵੋਟ ” ਆਦਿ ਨਾਲ ਬਹੁਤ ਹੀ ਮਨਮੋਹਕ ਚਾਰਟ ਬਣਾ ਕੇ ਭਾਰਤੀ ਚੋਣ ਕਮਿਸ਼ਨ ਦੇ ਮਿੱਥੇ ਟਿੱਚੇ “ਅਬਕੀ ਬਾਰ 70 ਪਾਰ ” ਨੂੰ ਪੂਰਾ ਕਰਨ ਦਾ ਪ੍ਰਣ ਲਿਆ । ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਇਹ ਵੀ ਪ੍ਰਣ ਲਿਆ ਕਿ ਅਸੀਂ ਆਪਣੇ ਆਲੇ- ਦੁਆਲੇ, ਆਪਣੇ ਮਾਪਿਆਂ, ਦੋਸਤਾਂ ਅਤੇ ਹੋਰ ਰਿਸ਼ਤੇਦਾਰਾਂ ਨੂੰ ਵੀ ਲੋਕਤੰਤਰ ਦੀ ਮਜਬੂਤੀ ਲਈ ਵੋਟ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਾਂਗੇ। ਇਸ ਮੌਕੇ ਸਕੂਲ ਦੇ ਡਾਇਰੈਕਟਰ ਰਿਹਾਨਾ ਸਲੀਮ ਅਤੇ ਸਕੂਲ ਦੇ ਪ੍ਰਿੰਸੀਪਲ ਰਿਫਤ ਉਸਮਾਨੀ ਦੀ ਦੇਖਰੇਖ ਵਿੱਚ ਇਹ ਮੁਕਾਬਲੇ ਕਰਵਾਏ ਗਏ।