ਸਮਾਣਾ : ਜ਼ਮੀਨ ਦੇ ਨਾਲ ਲੱਗਦੇ ਪਹੇ ’ਤੇ ਵਾਹਨ ਖੜ੍ਹੇ ਕਰਨ ਨੂੰ ਲੈ ਕੇ ਬੁੱਧਵਾਰ ਦੇਰ ਰਾਤ ਹੋਏ ਲੜਾਈ-ਝਗੜੇ ਵਿਚ ਪਿੰਡ ਕਰਹਾਲੀ ਸਾਹਿਬ ਵਿਖੇ ਸਥਿਤ ਗੁਗਾ ਮੈੜੀ ਦੇ ਮੁੱਖ ਸੇਵਾਦਾਰ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਸਬੰਧੀ ਸੂਚਨਾ ਮਿਲਣ ’ਤੇ ਥਾਣਾ ਪਟਿਆਲਾ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਹੈ।
ਪਟਿਆਲਾ ਥਾਣਾ ਮੁਖੀ ਤੇ ਮਾਮਲੇ ਦੇ ਜਾਂਚ ਅਧਿਕਾਰੀ ਇੰਸਪੈਕਟਰ ਆਲਮਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਮ੍ਰਿਤਕ ਦਰਸ਼ਨ ਸਿੰਘ (55) ਦੇ ਪੁੱਤਰ ਸਿਮਰਨਜੀਤ ਸਿੰਘ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਮੈੜੀ ’ਚ ਦੂਰ-ਦਰਾਡੇ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂ ਆਉਂਦੇ ਸਨ ਤੇ ਉਹ ਮੈੜੀ ਦੇ ਨਾਲ ਲੱਗਦੀ ਜ਼ਮੀਨ ਦੇ ਪਹੇ ’ਤੇ ਵਾਹਨ ਖੜ੍ਹੇ ਕਰਦੇ ਸਨ ਜਿਸ ਦਾ ਨਜ਼ਦੀਕੀ ਕਿਸਾਨ ਦਲਜੀਤ ਸਿੰਘ ਵੱਲੋਂ ਵਿਰੋਧ ਕੀਤਾ ਜਾਂਦਾ ਸੀ। ਇਸੇ ਰੰਜਿਸ਼ ਦੇ ਚੱਲਦਿਆਂ ਬੁੱਧਵਾਰ ਰਾਤ ਕਰੀਬ 10 ਵਜੋਂ ਜਦੋਂ ਉਹ ਤੇ ਉਸ ਦੇ ਪਿਤਾ ਦਰਸ਼ਨ ਸਿੰਘ ਸ਼ਰਧਾਲੂਆਂ ਨਾਲ ਮੈੜੀ ’ਤੇ ਮੌਜੂਦ ਸਨ ਤਾਂ ਇਸ ਦੌਰਾਨ ਟਰੈਕਟਰ ਤੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਗੁੱਗਾ ਮੈੜੀ ’ਤੇ ਆਏ ਦਲਜੀਤ ਸਿੰਘ ਅਤੇ ਉਸ ਦੇ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਪਿੰਡ ਕਰਹਾਲੀ ਨੇ ਉਸ ਦੇ ਪਿਤਾ ਦਰਸ਼ਨ ਸਿੰਘ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਸ਼ਰਧਾਲੂਆਂ ਨੇ ਉਨ੍ਹਾਂ ਨੂੰ ਕੁੱਟਮਾਰ ਕਰਨ ਤੋਂ ਬਹੁਤ ਰੋਕਿਆ ਪਰ ਉਨ੍ਹਾਂ ਉਸ ਦੇ ਪਿਤਾ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਤੋਂ ਬਾਅਦ ਮੋਟਰਸਾਈਕਲ ਤੋਂ ਫ਼ਰਾਰ ਹੋ ਗਏ।