ਪਟਿਆਲਾ : ਕੇਂਦਰ ਸਰਕਾਰ ਦੇ ਹੁਕਮਾਂ ਅਤੇ ਭਾਜਪਾ ਦੀ ਪਟਿਆਲਾ ਲੋਕ ਸਭਾ ਸੀਟ ਤੋਂ ਉਮੀਦਵਾਰ ਪ੍ਰਨੀਤ ਕੌਰ ਦੇ ਯਤਨਾਂ ਸਦਕਾ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੇ ਪਟਿਆਲਾ ਦੇ ਨਵੇਂ ਬੱਸ ਸਟੈਂਡ ਅਤੇ ਦੱਖਣੀ ਬਾਈਪਾਸ ਨੂੰ ਫਲਾਈਓਵਰ ਬਣਾ ਕੇ ਆਪਸ ਵਿੱਚ ਜੋੜਨ ਦੇ ਨਾਲ-ਨਾਲ ਇਸਨੂੰ ਚੌੜਾ ਕਰਨ ਲਈ 597 ਕਰੋੜ ਰੁਪਏ ਦੇ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਜਾਣਕਾਰੀ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਅਤੇ ਸਾਬਕਾ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਬੁੱਧਵਾਰ ਨੂੰ ਅਰਬਨ ਅਸਟੇਟ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਸਥਾਨਕ ਲੋਕਾਂ ਨਾਲ ਸਾਂਝੀ ਕੀਤੀ। ਇਸ ਮੌਕੇ ਉਨ੍ਹਾਂ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਵੱਲੋਂ ਪਾਸ ਕੀਤੇ ਫਲਾਈਓਵਰ ਦਾ ਨਕਸ਼ਾ ਅਤੇ ਪ੍ਰਾਜੈਕਟ ਨੂੰ ਦਿੱਤੀ ਪ੍ਰਵਾਨਗੀ ਦੇ ਦਸਤਾਵੇਜ਼ ਵੀ ਦਿਖਾਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਆਗੂ ਸੰਜੀਵ ਸ਼ਰਮਾ ਬਿੱਟੂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਪਟਿਆਲਾ ਨੂੰ ਦਿੱਤੇ ਇਸ ਤੋਹਫੇ ਨਾਲ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਨਵੇਂ ਬੱਸ ਸਟੈਂਡ ਨੇੜੇ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਕਾਫੀ ਹੱਦ ਤੱਕ ਸੁਲਝਾ ਲਿਆ ਜਾਵੇਗਾ ਅਤੇ ਸੜਕ ਹਾਦਸਿਆਂ ਨੂੰ ਪੂਰੀ ਤਰ੍ਹਾਂ ਰੋਕਿਆ ਜਾ ਸਕੇਗਾ।
ਉਨ੍ਹਾਂ ਕਿਹਾ ਕਿ ਨਵੰਬਰ 2023 ਦੌਰਾਨ ਅਰਬਨ ਅਸਟੇਟ ਦੀਆਂ 16 ਵੱਖ-ਵੱਖ ਐਸੋਸੀਏਸ਼ਨਾਂ ਨੇ ਲੋਕਸਭਾ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਕੋਲ ਪਹੁੰਚ ਕਰਕੇ ਸ਼ਹਿਰੀ ਵਸਨੀਕਾਂ ਦੇ ਨਾਲ-ਨਾਲ ਕਾਰੋਬਾਰੀਆਂ ਨੂੰ ਦਰਪੇਸ਼ ਸਮੱਸਿਆਵਾਂ ਦੇ ਸਥਾਈ ਹੱਲ ਦੀ ਮੰਗ ਕੀਤੀ ਸੀ। ਇਸ ਮੰਗ ਨੂੰ ਗੰਭੀਰਤਾ ਨਾਲ ਲੈਂਦਿਆਂ ਲੋਕਸਭਾ ਮੈਂਬਰ ਪ੍ਰਨੀਤ ਕੌਰ ਨੇ ਇਹ ਮਾਮਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਤੱਕ ਪਹੁੰਚਾਇਆ। ਲੋਕਾਂ ਦੀ ਇਸ ਗੰਭੀਰ ਸਮੱਸਿਆ ਦੇ ਸਥਾਈ ਹੱਲ ਲਈ ਉਨ੍ਹਾਂ ਨੇ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਤੋਂ ਤਿਆਰ ਕੀਤੇ ਇਸ ਪ੍ਰਾਜੈਕਟ ਦਾ ਐਸਟੀਮੇਟ ਹਾਸਲ ਕਰਕੇ ਇਸ ਦਾ ਬਲਿਊ ਪ੍ਰਿੰਟ ਤਿਆਰ ਕਰਵਾਕੇ ਇਸ ਲਈ ਨਿਰਧਾਰਤ 597 ਕਰੋੜ ਰੁਪਏ ਦੀ ਰਾਸ਼ੀ ਨੂੰ ਮਨਜ਼ੂਰੀ ਦੇ ਦਿੱਤੀ।ਇਹ ਜਾਣਕਾਰੀ ਸੁਣ ਕੇ ਅਰਬਨ ਅਸਟੇਟ ਦੀਆਂ ਸਾਰੀਆਂ 16 ਐਸੋਸੀਏਸ਼ਨਾਂ ਨੇ ਮਹਾਰਾਣੀ ਪ੍ਰਨੀਤ ਕੌਰ ਅਤੇ ਮੋਦੀ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਇਹ ਵੀ ਵਾਅਦਾ ਕੀਤਾ ਕਿ ਉਹ ਸ਼ਹਿਰ ਲਈ ਅਜਿਹੇ ਵੱਡੇ ਪ੍ਰੋਜੈਕਟ ਲਿਆਉਣ ਲਈ ਮਹਾਰਾਣੀ ਪ੍ਰਨੀਤ ਕੌਰ ਨੂੰ ਮੁੜ ਤੋਂ ਸੰਸਦ ਦਾ ਹਿੱਸਾ ਬਣਾਉਣ ਲਈ ਆਪਣੀ ਜਿਮੇਦਾਰੀ ਨਿਭਾਉਣਗੇ।