ਫ਼ਤਹਿਗੜ੍ਹ ਸਾਹਿਬ : ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਅਤੇ ਸਬ ਡਵੀਜ਼ਨ ਪੱਧਰ ਦੀਆਂ ਅਦਾਲਤਾਂ ਵਿੱਚ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ। ਇਸ ਲੋਕ ਅਦਾਲਤ ਵਿੱਚ 5457 ਕੇਸਾਂ ਦਾ ਦੋਵੇਂ ਧਿਰਾਂ ਦੀ ਸਹਿਮਤੀ ਨਾਲ ਨਿਪਟਾਰਾ ਕੀਤਾ ਗਿਆ ਅਤੇ 11 ਕਰੋੜ ਰੁਪਏ ਤੋਂ ਵੱਧ ਦੀ ਰਕਮ ਦੇ ਅਵਾਰਡ ਪਾਸ ਕੀਤੇ ਗਏ। ਇਹ ਜਾਣਕਾਰੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਮੈਨ-ਕਮ-ਜ਼ਿਲ੍ਹਾ ਤੇ ਸ਼ੈਸਨਜ ਜੱਜ ਸ਼੍ਰੀ ਅਰੁਣ ਗੁਪਤਾ ਨੇ ਜ਼ਿਲ੍ਹਾ ਕੋਰਟ ਕੰਪਲੈਕਸ ਵਿਖੇ ਕੌਮੀ ਲੋਕ ਅਦਾਲਤ ਦਾ ਜਾਇਜ਼ਾ ਲੈਣ ਮੌਕੇ ਦਿੱਤੀ। ਉਨ੍ਹਾਂ ਦੱਸਿਆ ਕਿ ਕੌਮੀ ਲੋਕ ਅਦਾਲਤ ਵਿੱਚ ਵੱਧ ਤੋਂ ਵੱਧ ਕੇਸਾਂ ਦਾ ਨਿਪਟਾਰਾ ਕਰਨ ਲਈ 09 ਬੈਚ ਗਠਿਤ ਕੀਤੇ ਗਏ ਸਨ, ਜਿਨ੍ਹਾਂ ਵਿੱਚ ਹਰੇਕ ਪ੍ਰਕਾਰ ਦੇ ਰਾਜੀਨਾਮੇਯੋਗ ਝਗੜਿਆਂ ਜਿਵੇਂ ਕਿ ਰਾਜੀਨਾਮੇਯੋਗ ਫੌਜਦਾਰੀ ਕੇਸ, ਚੈੱਕ ਬਾਂਊਸ ਦੇ ਕੇਸ, ਮੋਟਰ ਐਕਸੀਡੈਂਟ ਕੇਸ, ਵਿਵਾਹਿਕ ਤੇ ਪਰਿਵਾਰਕ ਝਗੜਿਆਂ ਦੇ ਕੇਸ, ਕਿਰਤ ਮਾਮਲਿਆਂ ਦੇ ਕੇਸ, ਦੀਵਾਨੀ ਕੇਸ ਜਿਵੇਂ ਕਿ ਕਿਰਾਏ ਸਬੰਧੀ, ਬੈਂਕ ਰਿਕਵਰੀ, ਰੈਵੀਨਿਊ ਕੇਸ, ਬਿਜਲੀ ਅਤੇ ਪਾਣੀ ਦੇ ਚਲਦੇ ਅਤੇ ਪ੍ਰੀ ਲੰਬਿਤ ਕੇਸ ਸਮਝੌਤੇ ਲਈ ਰੱਖੇ ਗਏ ਸਨ।
ਸ਼੍ਰੀ ਅਰੁਣ ਗੁਪਤਾ ਨੇ ਦੱਸਿਆ ਕਿ ਅੱਜ ਦੀ ਲੋਕ ਅਦਾਲਤ ਵਿੱਚ ਵੱਧ ਤੋਂ ਵੱਧ ਕੇਸਾਂ ਦਾ ਨਿਪਟਾਰਾ ਕਰਨ ਦਾ ਉਪਰਾਲਾ ਕੀਤਾ ਗਿਆ ਤਾਂ ਜੋ ਪਬਲਿਕ ਤੇ ਲੰਮੇ ਸਮੇਂ ਤੋ ਚਲਦੇ ਹੋਏ ਕੇਸਾਂ ਨੂੰ ਆਪਸੀ ਸਹਿਮਤੀ ਨਾਲ ਖਤਮ ਕੀਤਾ ਜਾ ਸਕੇ। ਇਸ ਲੋਕ ਅਦਾਲਤ ਵਿੱਚ ਪਾਰਟੀਆਂ ਅਤੇ ਵਕੀਲਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਇਸ ਲੋਕ ਅਦਾਲਤ ਵਿੱਚ ਨਿਬੇੜੇ ਕੇਸਾਂ ਵਿੱਚੋਂ ਝਗੜ ਰਹੇ 1 ਵਿਵਾਹਿਕ ਜੋੜੇ ਨੂੰ ਲੋਕ ਅਦਾਲਤ ਵਿੱਚ ਫੈਮਲੀ ਕੋਰਟ ਦੇ ਬੈਂਚ ਰਾਹੀਂ ਸਮਝਾ ਕੇ ਇਕੱਠਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਬੂਟਾ ਦਿੱਤਾ ਗਿਆ ਤਾਂ ਕਿ ਬੂਟੇ ਦੀ ਤਰ੍ਹਾਂ ਉਨ੍ਹਾਂ ਦੀ ਅਗਲੇਰੀ ਵਿਵਾਹਿਕ ਜ਼ਿੰਦਗੀ ਹਰੀ ਭਰੀ ਰਹੇ।
ਇਸ ਲੋਕ ਅਦਾਲਤ ਵਿੱਚ ਸਾਰੀਆਂ ਬੈਕਾਂ ਦੇ ਪ੍ਰਤੀਨਿਧੀਆਂ ਨੇ ਵੀ ਉੱਚੇਚੇ ਤੌਰ ਤੇ ਭਾਗ ਲੈਕੇ ਵੱਡੀ ਗਿਣਤੀ ਵਿੱਚ ਕੇਸਾਂ ਦਾ ਸਥਾਈ ਲੋਕ ਅਦਾਲਤ ਵਿੱਚ ਨਿਪਟਾਰਾ ਕਰਵਾਇਆ ਗਿਆ, ਇਹ ਵੀ ਦੱਸਣਯੋਗ ਹੈ ਕਿ ਸਥਾਈ ਲੋਕ ਅਦਾਲਤ ਵਿੱਚ 18 ਪ੍ਰਕਾਰ ਦੀਆਂ ਪਬਲਿਕ ਨਾਲ ਸਬੰਧਿਤ ਸੇਵਾਵਾਂ ਦੇ ਕੇਸ ਰੱਖੇ ਜਾਂਦੇ ਹਨ ਅਤੇ ਇਹ ਸਥਾਈ ਲੋਕ ਅਦਾਲਤ ਰੋਜ ਲੱਗਦੀ ਹੈ। ਇਸ ਮੌਕੇ ਆਮ ਪਬਲਿਕ ਨੂੰ ਇਸ ਲੋਕ ਅਦਾਲਤ ਵਿੱਚ ਭਾਗ ਲੈਕੇ ਵੱਧ ਤੋਂ ਵੱਧ ਭਾਗ ਉਠਾਉਣਾ ਚਾਹੀਦਾ ਹੈ ਕਿਉਂਕਿ ਇਹਨਾਂ ਲੋਕ ਅਦਾਲਤਾਂ ਦੇ ਬਹੁਤ ਲਾਭ ਹਨ ਅਤੇ ਇਹਨਾਂ ਵਿੱਚ ਸਮਝੋਤਾ ਹੋਣ ਦੀ ਸੂਰਤ ਵਿੱਚ ਕੋਰਟ ਫੀਸ ਵੀ ਵਾਪਸ ਹੁੰਦੀ ਹੈ ਅਤੇ ਲੋਕ ਅਦਾਲਤ ਦਾ ਫੈਸਲਾ ਵੀ ਅੰਤਿਮ ਹੁੰਦਾ ਹੈ।