ਕਰਮਜੀਤ ਕੌਰ ਤੇ ਪਰਵਿੰਦਰ ਕੌਰ ਰਹੀਆਂ ਅੱਵਲ
ਪਟਿਆਲਾ 5 ਮਈ : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾਣ ਵਾਲੇ ਮੁਕਾਬਲਿਆਂ ਦੀ ਲੜੀ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਹਰਾ ਦੇ ਪ੍ਰਿੰ. ਭਰਪੂਰ ਸਿੰਘ ਲੌਟ ਦੀ ਅਗਵਾਈ 'ਚ ਆਨ ਲਾਈਨ ਲੇਖ ਮੁਕਾਬਲੇ ਕਰਵਾਏ ਗਏ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਖ਼ਸੀਅਤ, ਬਾਣੀ, ਫ਼ਿਲਾਸਫ਼ੀ, ਕੁਰਬਾਨੀ ਤੇ ਸਿੱਖਿਆਵਾਂ 'ਤੇ ਅਧਾਰਿਤ ਆਨਲਾਈਨ ਕਰਵਾਏ ਗਏ ਲੇਖ ਮੁਕਾਬਲਿਆਂ 'ਚ ਵੱਡੀ ਗਿਣਤੀ 'ਚ ਵਿਦਿਆਰਥੀਆਂ ਨੇ ਹਿੱਸਾ ਲਿਆ।
ਸਕੂਲ ਦੀ ਅਧਿਆਪਕਾ ਬਲਜਿੰਦਰ ਕੌਰ ਦੀ ਦੇਖ-ਰੇਖ 'ਚ ਕਰਵਾਏ ਗਏ ਲੇਖ ਮੁਕਾਬਲਿਆਂ ਤਹਿਤ ਮਿਡਲ ਵਰਗ 'ਚੋਂ ਕਰਮਜੀਤ ਕੌਰ ਪਹਿਲੇ, ਹੁਸਨਪ੍ਰੀਤ ਕੌਰ ਦੂਸਰੇ ਤੇ ਸਿਮਰਨਜੋਤ ਕੌਰ ਤੀਸਰੇ (ਸਾਰੀਆਂ ਹੀ ਅੱਠਵੀਂ ਜਮਾਤ 'ਚੋਂ) ਤੇ ਸੈਕੰਡਰੀ ਵਿੰਗ 'ਚੋਂ ਪਰਵਿੰਦਰ ਕੌਰ ਨੌਵੀਂ ਜਮਾਤ ਪਹਿਲੇ, ਸਿਮਰਨ ਕੌਰ ਨੌਵੀਂ ਜਮਾਤ ਦੂਸਰੇ ਤੇ ਜਸ਼ਨਪ੍ਰੀਤ ਸਿੰਘ ਗਿਆਰਵੀਂ ਜਮਾਤ ਤੀਸਰੇ ਸਥਾਨ 'ਤੇ ਰਿਹਾ।
ਪ੍ਰਿੰ. ਭਰਪੂਰ ਸਿੰਘ ਲੌਟ ਨੇ ਕਿਹਾ ਕਿ ਗੁਰੂ ਸਾਹਿਬ ਦੀ ਮਹਾਨ ਕੁਰਬਾਨੀ, ਬਾਣੀ ਤੇ ਸ਼ਖ਼ਸੀਅਤ ਨੂੰ ਪ੍ਰੇਰਨਾ ਸਰੋਤ ਬਣਾਉਣ ਤੇ ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਨ ਲਈ, ਵਿਦਿਆਰਥੀਆਂ ਦੇ ਲੇਖ ਮੁਕਾਬਲੇ ਕਰਵਾਉਣ ਬਹੁਤ ਵੱਡਾ ਉੱਦਮ ਹੈ। ਜਿਸ ਲਈ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਅੱਗੇ ਹੋਣ ਵਾਲੇ ਮੁਕਾਬਲਿਆਂ 'ਚ ਵੀ ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀ ਵੱਡੀ ਗਿਣਤੀ 'ਚ ਹਿੱਸਾ ਲੈਣਗੇ ਅਤੇ ਅਧਿਆਪਕ ਆਪਣੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਉਣਗੇ। ਪ੍ਰਿੰ. ਲੌਟ ਨੇ ਕਿਹਾ ਕਿ ਸਕੂਲ ਖੁੱਲ੍ਹਣ 'ਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।