ਪਟਿਆਲਾ : ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ-2024 ਦੌਰਾਨ ਲੋਕ ਸਭਾ ਹਲਕਾ ਪਟਿਆਲਾ-13 ਲਈ ਤਾਇਨਾਤ ਖ਼ਰਚਾ ਆਬਜ਼ਰਵਰ ਵਜੋਂ ਤਾਇਨਾਤ 2010 ਬੈਚ ਦੇ ਆਈ.ਆਰ.ਐਸ ਅਫ਼ਸਰ ਮੀਤੂ ਅਗਰਵਾਲ ਨੇ ਕਿਹਾ ਹੈ ਕਿ ਚੋਣ ਕਮਿਸ਼ਨ ਵੱਲੋਂ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਦੇ ਚੋਣ ਖ਼ਰਚਿਆਂ ਅਤੇ ਹਰੇਕ ਸਰਗਰਮੀ ਉਪਰ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਮੀਤੂ ਅਗਰਵਾਲ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੁਲਿਸ, ਆਮਦਨ ਕਰ ਤੇ ਆਬਕਾਰੀ ਵਿਭਾਗਾਂ, ਸਹਾਇਕ ਖ਼ਰਚਾ ਅਬਜ਼ਰਵਰਾਂ, ਬੈਂਕਾਂ, ਸ਼ਿਕਾਇਤਾਂ, ਐਮ.ਸੀ.ਐਮ.ਸੀ., ਸੀ ਵਿਜਿਲ ਆਦਿ ਟੀਮਾਂ ਦੇ ਨੋਡਲ ਅਫ਼ਸਰਾਂ ਨਾਲ ਇੱਕ ਅਹਿਮ ਮੀਟਿੰਗ ਕਰਕੇ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈ ਰਹੇ ਸਨ। ਉਨ੍ਹਾਂ ਨੇ ਸਮੁੱਚੀ ਪ੍ਰਸ਼ਾਸ਼ਨਿਕ ਮਸ਼ੀਨਰੀ ਨੂੰ ਇੱਕ ਟੀਮ ਬਣਕੇ ਆਪਸੀ ਤਾਲਮੇਲ ਨਾਲ ਲੋਕ ਸਭਾ ਚੋਣਾਂ ਦੀ ਸਮੁੱਚੀ ਪ੍ਰਕ੍ਰਿਆ ਪਾਰਦਰਸ਼ੀ ਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਨ ਦੀ ਹਦਾਇਤ ਕੀਤੀ। ਰੋਜ਼ਾਨਾ ਰਿਪੋਰਟਾਂ ਸਮੇਂ ਸਿਰ ਭੇਜਣ 'ਤੇ ਜ਼ੋਰ ਦਿੰਦਿਆਂ ਖ਼ਰਚਾ ਅਬਜ਼ਰਵਰ ਨੇ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਉਮੀਦਵਾਰਾਂ ਦੇ ਚੋਣ ਲੜਨ ਲਈ ਨਿਯਮਾਂ ਮੁਤਾਬਕ ਖ਼ਰਚੇ 'ਤੇ ਪੂਰੀ ਨਿਗਰਾਨੀ 'ਚ ਕੋਈ ਢਿੱਲ ਨਾ ਵਰਤੀ ਜਾਵੇ।
ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਦੇ ਚੋਣ ਪ੍ਰਚਾਰ ਲਈ ਸਟਾਰ ਪ੍ਰਚਾਰਕ ਦੇ ਦੌਰੇ, ਚੋਣ ਮੀਟਿੰਗਾਂ, ਰੈਲੀਆਂ, ਰੋਡ ਸ਼ੋਅ ਆਦਿ 'ਤੇ ਜੀਪੀਐਸ ਲੱਗੀਆਂ ਗੱਡੀਆਂ ਨਾਲ ਸਟੈਟਿਕ ਸਰਵੈਲੈਂਸ ਵੀਡੀਓ ਤੇ ਉਡਣ ਦਸਤਿਆਂ ਦੀਆਂ ਟੀਮਾਂ ਰਾਹੀਂ ਨਜ਼ਰ ਰੱਖੀ ਜਾਵੇਗੀ ਅਤੇ ਸਾਰਾ ਖ਼ਰਚਾ ਸ਼ੈਡੋ ਰਜਿਸਟਰ 'ਚ ਦਰਜ ਕੀਤਾ ਜਾਵੇਗਾ। ਮੀਤੂ ਅਗਰਵਾਲ ਨੇ ਚੋਣਾਂ ਲੜਣ ਵਾਲੇ ਉਮੀਦਵਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਚੋਣ ਕਮਿਸ਼ਨ ਵੱਲੋਂ ਨਿਸ਼ਚਿਤ ਖ਼ਰਚਾ ਹੱਦ 95 ਲੱਖ ਰੁਪਏ ਦੇ ਅੰਦਰ ਰਹਿ ਕੇ ਹੀ ਆਪਣੀਆਂ ਚੋਣ ਸਰਗਰਮੀਆਂ ਚਲਾਉਣ ਸਮੇਤ ਚੋਣ ਖ਼ਰਚੇ ਲਈ ਵੱਖਰਾ ਖਾਤਾ ਖੁਲਵਾਉਣ। ਉਮੀਦਵਾਰ ਕਿਸੇ ਵੈਂਡਰ ਨੂੰ ਨਗ਼ਦ ਅਦਾਇਗੀ ਨਹੀਂ ਕਰਨਗੇ ਸਗੋਂ ਅਦਾਇਗੀ ਬੈਂਕ ਰਾਹੀਂ ਹੀ ਹੋਵੇਗੀ।
ਜ਼ਿਲ੍ਹੇ ਅੰਦਰਲੀਆਂ ਸਮੂਹ ਬੈਂਕਾਂ ਨੂੰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਿਸੇ ਖਾਤੇ 'ਚੋਂ ਇੱਕ ਲੱਖ ਰੁਪਏ ਜਾਂ ਇਸ ਤੋਂ ਵੱਧ ਦੀ ਨਕਦੀ ਕਢਵਾਉਣ ਅਤੇ ਜਮ੍ਹਾਂ ਕਰਵਾਉਣ ਦੀ ਸ਼ੱਕੀ ਜਾਂ ਅਸਧਾਰਨ ਕਾਰਵਾਈ ਦਾ ਪੂਰਾ ਵੇਰਵਾ ਰੱਖਣ ਅਤੇ ਇਸ ਸਬੰਧੀ ਰੋਜ਼ਾਨਾ ਰਿਪੋਰਟ ਭੇਜਣ। ਕਿਸੇ ਵੀ ਰਾਜਸੀ ਪਾਰਟੀ ਜਾਂ ਉਮੀਦਵਾਰ ਦੇ ਖਾਤੇ 'ਚ ਕਿਸੇ ਵੀ ਕਿਸਮ ਦੀ ਵੱਡੀ ਰਾਸ਼ੀ ਸ਼ੱਕੀ ਤੌਰ 'ਤੇ ਜਮ੍ਹਾ ਕਰਵਾਈ ਜਾਂ ਕਢਵਾਈ ਜਾਂਦੀ ਹੈ ਇਸ ਦੀ ਰਿਪੋਰਟ ਵੀ ਤੁਰੰਤ ਦਿੱਤੀ ਜਾਵੇ ਅਤੇ ਲੋੜੀਂਦੀ ਕਾਰਵਾਈ ਕਰਨੀ ਯਕੀਨੀ ਬਣਾਈ ਜਾਵੇ। 10 ਲੱਖ ਰੁਪਏ ਤੱਕ ਦੀ ਨਕਦੀ ਦੀ ਜਾਣਕਾਰੀ ਵੀ ਤੁਰੰਤ ਦਫ਼ਤਰ, ਜ਼ਿਲ੍ਹਾ ਚੋਣ ਅਫ਼ਸਰ ਤੇ ਆਮਦਨ ਕਰ ਵਿਭਾਗ ਦੇ ਨੋਡਲ ਅਫ਼ਸਰ ਨੂੰ ਦਿੱਤੀ ਜਾਵੇ। ਉਨ੍ਹਾਂ ਹੋਰ ਕਿਹਾ ਕਿ ਨਕਦੀ ਵੈਨਾਂ ਅਤੇ ਏ.ਟੀ.ਐਮਜ 'ਚ ਪੈਸੇ ਪਾਉਣ ਲਈ ਲਿਜਾਈ ਜਾ ਰਹੀ ਨਕਦ ਰਾਸ਼ੀ ਸਬੰਧੀ ਪੂਰੇ ਦਸਤਾਵੇਜ਼ ਤੇ ਸੁਰੱਖਿਆ ਦੇ ਇੰਤਜ਼ਾਮ ਬੈਂਕਾਂ ਦੀਆਂ ਤੇ ਨਿਜੀ ਕੰਪਨੀਆਂ ਦੀਆਂ ਗੱਡੀਆਂ 'ਚ ਹੋਣੇ ਵੀ ਯਕੀਨੀ ਬਣਾਏ ਜਾਣ। ਚੋਣਾਂ ਦੌਰਾਨ ਇੱਕ ਬੈਂਕ ਖਾਤੇ ਤੋਂ ਆਰ.ਟੀ.ਜੀ.ਐਸ. ਦੁਆਰਾ ਕਿਸੇ ਹਲਕੇ ਵਿੱਚ ਕਈ ਵਿਅਕਤੀਆਂ ਦੇ ਖਾਤਿਆਂ 'ਚ ਅਸਾਧਾਰਨ ਰਕਮ ਪਾਏ ਜਾਣ ਦੀ ਰਿਪੋਰਟ ਦਿੱਤੀ ਜਾਵੇ। ਖ਼ਰਚਾ ਆਬਜ਼ਰਵਰ ਨੇ ਕਿਹਾ ਕਿ ਲੋਕ ਪ੍ਰਤੀਨਿੱਧਤਾ ਕਾਨੂੰਨ 1951 ਦੇ ਸੈਕਸ਼ਨ 77(1) ਮੁਤਾਬਕ ਹਰ ਉਮੀਦਵਾਰ ਨਾਮਜ਼ਦਗੀ ਦੀ ਤਰੀਕ ਤੋਂ ਲੈਕੇ ਵੋਟਾਂ ਦੇ ਨਤੀਜੇ ਦੇ ਐਲਾਨ ਤੱਕ ਆਪਣੇ ਚੋਣ ਖ਼ਰਚੇ ਦਾ ਹਿਸਾਬ ਕਿਤਾਬ ਰੱਖੇਗਾ ਅਤੇ ਲੇਖਾ ਰੱਖਣ ਦੀ ਅਸਫ਼ਲਤਾ ਆਈ.ਪੀ.ਸੀ. ਦੇ ਸੈਕਸ਼ਨ 171-1 ਅਧੀਨ ਚੋਣ ਜ਼ੁਰਮ ਹੈ ਅਤੇ ਖ਼ਰਚਾ ਤੈਅ ਸੀਮਾ ਤੋਂ ਉਪਰ ਖ਼ਰਚ ਕਰਨਾ ਵੀ ਆਰ.ਪੀ. ਐਕਟ ਦੇ ਸੈਕਸ਼ਨ 123 (6) ਦੇ ਪ੍ਰਸੰਗ 'ਚ ਭ੍ਰਿਸ਼ਟ ਕਾਰਵਾਈ ਹੈ। ਆਬਜ਼ਰਵਰ ਨੇ ਕਿਹਾ ਕਿ ਕਿਸੇ ਵੀ ਵੋਟਰ ਨੂੰ ਡਰਾਉਣ, ਧਮਕਾਉਣ, ਕਿਸੇ ਵੀ ਤਰ੍ਹਾਂ ਦਾ ਲਾਲਚ, ਕਿਸੇ ਨਸ਼ੇ, ਧੰਨ ਰਾਸ਼ੀ ਜਾਂ ਤੋਹਫ਼ੇ ਦੇ ਰੂਪ 'ਚ ਕੋਈ ਵਸਤੂ ਦੇਣ ਜਾਂ ਗ਼ੈਰ ਕਾਨੂੰਨੀ ਖਰਚਾ ਕਰਨ ਆਦਿ ਦੀ ਕਾਰਵਾਈ 'ਤੇ ਵੀ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਇਸ ਲਈ ਬੈਂਕਾਂ 'ਚੋਂ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਤੌਰ 'ਤੇ ਨਕਦੀ ਕਢਵਾਉਣ ਅਤੇ ਜਮ੍ਹਾਂ ਕਰਵਾਉਣ 'ਤੇ ਨਿਗ੍ਹਾ ਰੱਖਣ ਲਈ ਬੈਂਕ ਆਪਣੀ ਜੁੰਮੇਵਾਰੀ ਨਿਭਾਉਣ।
ਮੀਤੂ ਅਗਰਵਾਲ ਨੇ ਖ਼ਰਚੇ ਪੱਖੋਂ ਸੰਵੇਦਨਸ਼ੀਲ ਇਲਾਕਿਆਂ 'ਤੇ ਵਿਸ਼ੇਸ਼ ਨਿਗਰਾਨੀ ਰੱਖਣ ਦੇ ਸਖ਼ਤ ਨਿਰਦੇਸ਼ ਦਿੰਦਿਆਂ ਕਿਹਾ ਕਿ ਫਲਾਇੰਗ ਸਕੁਐਡ ਟੀਮਾਂ, ਸਟੈਟਿਕ ਸਰਵੇਲੈਂਸ ਟੀਮਾਂ, ਵੀਡੀਓ ਟੀਮਾਂ ਤੇ ਵੀਡੀਓ ਵਿਯੂਇੰਗ ਟੀਮਾਂ ਪੂਰੀ ਚੌਕਸੀ ਵਰਤਣ। ਉਨ੍ਹਾਂ ਨੇ ਆਬਕਾਰੀ ਤੇ ਆਮਦਨ ਕਰ ਵਿਭਾਗ ਨੂੰ ਨਾਜਾਇਜ਼ ਸ਼ਰਾਬ ਤੇ ਨਗ਼ਦੀ ਦੀ ਆਵਾਜਾਈ ਸਮੇਤ ਪੰਜਾਬ ਦੀ ਹਰਿਆਣਾ ਨਾਲ ਲੱਗਦੀਆਂ ਹੱਦਾਂ ਨੂੰ ਪੂਰੀ ਤਰ੍ਹਾਂ ਨਿਗਰਾਨੀ ਹੇਠ ਲਿਆਉਣ ਅਤੇ ਨਾਕਿਆਂ 'ਤੇ ਹੋਰ ਚੌਕਸੀ ਰੱਖਣ ਲਈ ਵੀ ਆਖਿਆ।
ਐਮ.ਸੀ.ਐਮ.ਸੀ. ਦੇ ਨੋਡਲ ਅਫ਼ਸਰ ਨੇ ਜਾਣਕਾਰੀ ਦਿੱਤੀ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਨਿਯਮਾਂ ਦੀ ਇੰਨ-ਬਿੰਨ ਪਾਲਣਾ ਕਰਦੇ ਹੋਏ ਪੇਡ ਨਿਊਜ, ਫੇਕ ਨਿਊਜ ਤੇ ਹੇਟ ਨਿਊਜ ਸਮੇਤ ਸੋਸ਼ਲ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ ਸਮੇਤ ਹਰੇਕ ਸਿਆਸੀ ਪਾਰਟੀ ਤੇ ਉਮੀਦਵਾਰ ਦੇ ਸੋਸ਼ਲ ਮੀਡੀਆ ਖਾਤਿਆਂ 'ਤੇ ਨਿਗਰਾਨੀ ਲਈ ਐਮ.ਸੀ.ਐਮ.ਸੀ. ਪੂਰੀ ਚੌਕਸ ਹੈ। ਸਹਾਇਕ ਖ਼ਰਚਾ ਨਿਗਰਾਨਾਂ ਤੇ ਬੈਂਕਾਂ ਦੇ ਅਧਿਕਾਰੀਆਂ ਨੇ ਵਿਸ਼ਵਾਸ਼ ਦੁਆਇਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾਂ ਇੰਨ-ਬਿੰਨ ਕਰਨੀ ਯਕੀਨੀ ਬਣਾਈ ਜਾਵੇਗੀ। ਮੀਟਿੰਗ 'ਚ ਏ.ਡੀ.ਸੀ. (ਜ)-ਕਮ- ਨੋਡਲ ਅਫ਼ਸਰ ਖ਼ਰਚਾ ਕੰਚਨ, ਐਸ.ਪੀ. ਸਿਟੀ ਮੁਹੰਮਦ ਸਰਫ਼ਰਾਜ ਆਲਮ, ਐਸ.ਪੀ. (ਡੀ) ਯੋਗੇਸ਼ ਕੁਮਾਰ, ਆਮਦਨ ਕਰ ਵਿਭਾਗ ਦੇ ਡਿਪਟੀ ਡਾਇਰੈਕਟਰ ਨਰਿੰਦਰਪਾਲ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਹਾਕਮ ਥਾਪਰ, ਸਮੂਹ ਸਹਾਇਕ ਖ਼ਰਚਾ ਆਬਜ਼ਰਵਰਜ ਤੇ ਬੈਂਕਾਂ ਦੇ ਅਧਿਕਾਰੀਆਂ ਸਮੇਤ ਐਫ.ਐਸ.ਟੀਜ ਤੇ ਐਸ.ਐਸ.ਟੀਜ਼ ਦੇ ਨੋਡਲ ਅਫ਼ਸਰ ਵੀ ਮੌਜੂਦ ਸਨ।