ਫਤਹਿਗੜ੍ਹ ਸਾਹਿਬ : ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਠੀਕ ਰੱਖਣ ਲਈ ਖੇਤੀ ਮਾਹਿਰਾਂ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੁੱਖ ਖੇਤੀਬਾੜੀ ਅਫਸਰ ਡਾ. ਸੰਦੀਪ ਕੁਮਾਰ ਨੇ ਦੱਸਿਆ ਕਿ ਲਗਾਤਾਰ ਕੱਦੂ ਕਰਨ ਨਾਲ ਧਰਤੀ ਹੇਠ ਸਖਤ ਤਹਿ ਬਣ ਗਈ ਹੈ। ਇਸ ਤਹਿ ਕਰਕੇ ਬਾਰਿਸ਼ ਦਾ ਪਾਣੀ ਹੇਠਾਂ ਨਹੀਂ ਜਾਂਦਾ ਅਤੇ ਜਿਆਦਾ ਬਾਰਿਸ਼ਾਂ ਨਾਲ ਫਸਲਾਂ ਦਾ ਨੁਕਸਾਨ ਹੁੰਦਾ ਹੈ। ਖੇਤਾਂ ਵਿੱਚ ਸਿੰਚਾਈ ਕਰਨ ਲਈ ਲਗਾਤਾਰ ਧਰਤੀ ਹੇਠੋਂ ਪਾਣੀ ਕੱਢਣਾ ਪੈਂਦਾ ਹੈ ਪਰੰਤੂ ਇਸ ਪਾਣੀ ਦਾ ਰੀਚਾਰਜ ਨਾ ਹੋਣ ਕਰਕੇ ਪਾਣੀ ਦਾ ਗੰਭੀਰ ਸੰਕਟ ਹੋ ਸਕਦਾ ਹੈ। ਜੇਕਰ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾਵੇ ਤਾਂ ਧਰਤੀ ਦਾ ਪਾਣੀ ਸਿਮ ਕੇ ਹੇਠਾਂ ਜਾਵੇਗਾ ਅਤੇ ਰੀਚਾਰਜ ਹੋਣ ਨਾਲ ਪਾਣੀ ਦੇ ਪੱਧਰ ਨੂੰ ਠੀਕ ਕੀਤਾ ਜਾ ਸਕਦਾ ਹੈ।
ਉਹਨਾਂ ਦੱਸਿਆ ਕਿ ਜਿਲ੍ਹੇ ਵਿੱਚ ਝੋਨੇ ਦੀ ਸਿੱਧੀ ਬਿਜਾਈ 15 ਮਈ ਤੋਂ 31 ਮਈ ਤੱਕ ਕੀਤੀ ਜਾ ਸਕਦੀ ਹੈ। ਪਿਛਲੇ ਸਾਲਾਂ ਦੇ ਤਜਰਬੇ ਦੱਸਦੇ ਹਨ ਕਿ ਜਿਆਦਾਤਰ ਕਿਸਾਨਾਂ ਨੇ ਇਸ ਵਿਧੀ ਦੁਆਰਾ ਬਿਜਾਈ ਕਰਕੇ ਝੋਨੇ ਦਾ ਵਧੀਆ ਝਾੜ ਪ੍ਰਾਪਤ ਕੀਤਾ ਸੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੇ ਨੇੜਲੇ ਖੇਤੀਬਾੜੀ ਦਫਤਰਾਂ ਨਾਲ ਸੰਪਰਕ ਕਰਕੇ ਉਹ ਇਸ ਵਿਧੀ ਬਾਰੇ ਤਕਨੀਕੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਬਿਜਾਈ ਕਰਨ ਦਾ ਸਮਾਂ ਅਤੇ ਨਦੀਨਾਂ ਦੀ ਸਪਰੇ ਤਕਨੀਕ ਬਾਰੇ ਸਹੀ ਜਾਣਕਾਰੀ ਹੋਣਾ ਹੀ ਇਸ ਵਿਧੀ ਦੀ ਸਫਲਤਾ ਦਾ ਮੂਲ ਕਾਰਨ ਹੈ।ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਦਫਤਰਾਂ ਵਿੱਚ ਇਸ ਸਬੰਧੀ ਲਿਟਰੇਚਰ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਕਿ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਮਿਲ ਸਕੇ। ਪਿਛਲੇ ਸਾਲਾਂ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਭਾਰੀਆਂ ਜਮੀਂਨਾਂ ਵਿੱਚ ਇਸ ਵਿਧੀ ਦੇ ਚੰਗੇ ਨਤੀਜੇ ਮਿਲੇ ਹਨ।