ਚੰਡੀਗੜ : ਸਿਟੀ ਥਾਣਾ ਲਹਿਰਾ ਵਿਖੇ ਤਾਇਨਾਤ ਸਹਾਇਕ ਥਾਣੇਦਾਰ ਰਾਜਵਿੰਦਰ ਸਿੰਘ ਨੂੰ ਵਿਜੀਲੈਂਸ ਨੇ ਰਿਸ਼ਵਤ ਲੈਂਦਿਆਂ ਮੌਕੇ ਉੱਤੇ ਕਾਬੂ ਕੀਤਾ ਹੈ। ਇਸ ਸਬੰਧੀ ਜਗਤਪ੍ਰੀਤ ਸਿੰਘ ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਸਪ੍ਰੀਤ ਸਿੰਘ ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ, ਪਰਮਿੰਦਰ ਸਿੰਘ ਉਪ ਕਪਤਾਨ ਸੰਗਰੂਰ ਦੀ ਹਦਾਇਤ ਤੇ ਇੰਸਪੈਕਟਰ ਹਰਪ੍ਰੀਤ ਸਿੰਘ ਗੁਰਾਇਆ ਵਿਜੀਲੈਂਸ ਬਿਊਰੋ ਯੂਨਿਟ ਸੰਗਰੂਰ ਵੱਲੋਂ ਕਾਰਵਾਈ ਕਰਦੇ ਹੋਏ ਪਟਿਆਲਾ ਵਿਖੇ ਮੁਕੱਦਮਾ ਨੰਬਰ 19 ਤਹਿਤ ਹੋਏ ਪਰਚੇ ਮੁਤਾਬਕ ਅਨੂਪ ਪੁੱਤਰ ਹਰਮੇਸ਼ ਕੁਮਾਰ ਨੇ ਬਿਆਨ ਦਰਜ ਕਰਵਾਏ, ਕਿ ਪਰਮਜੀਤ ਦੇਵੀ ਰਿਸ਼ਤੇ ਵਿੱਚ ਮੇਰੀ ਮਾਸੀ ਲੱਗਦੀ ਹੈ। ਮੇਰੀ ਮਾਸੀ ਰਕੇਸ਼ ਜਿੰਦਲ ਦੇ ਮਕਾਨ ਵਿੱਚ ਗਾਗਾ ਵਿਖੇ ਆਪਣੀ ਲੜਕੀ ਨਾਲ ਕਿਰਾਏ 'ਤੇ ਰਹਿੰਦੀ ਹੈ। ਪਿਛਲੇ ਦਿਨੀ ਰਾਕੇਸ਼ ਜਿੰਦਲ ਸ਼ਾਮ ਦੇ ਵਕਤ ਮੇਰੀ ਮਾਸੀ ਪਾਸ ਮਕਾਨ ਦਾ ਕਿਰਾਇਆ ਲੈਣ ਆਇਆ ਅਤੇ ਮੇਰੀ ਮਾਸੀ ਨਾਲ ਛੇੜਖਾਨੀ ਕਰਨ ਲੱਗ ਪਿਆ। ਮੇਰੀ ਮਾਸੀ ਨੇ ਇਸ ਦੇ ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ ਕਰਨ ਬਾਬਤ ਕਿਹਾ, ਤਾਂ ਇਸ ਨੇ ਮਕਾਨ ਨੂੰ ਜਿੰਦਰਾ ਲਗਾਉਂਦਿਆ ਸਾਰਾ ਸਾਮਾਨ ਅੰਦਰ ਬੰਦ ਕਰ ਦਿੱਤਾ। ਜਿਸ ਸਬੰਧੀ ਮੇਰੀ ਮਾਸੀ ਨੇ ਚੌਂਕੀ ਲਹਿਰਾ ਵਿਖੇ ਦਰਖਾਸਤ ਦੇ ਦਿੱਤੀ। ਮੁਲਜ਼ਮ ਖ਼ਿਲਾਫ਼ ਕਾਰਵਾਈ ਲਈ ਮੇਰੀ ਮਾਸੀ ਸਹਾਇਕ ਥਾਣੇਦਾਰ ਰਾਜਵਿੰਦਰ ਸਿੰਘ ਕੋਲ ਆ ਗਈ। ਜਦੋਂ ਮੈਂ ਇਨ੍ਹਾਂ ਨੂੰ ਦਰਖਾਸਤ 'ਤੇ ਕਾਰਵਾਈ ਕਰਨ ਲਈ ਮਿਲਿਆ ਤਾਂ ਉਸ ਨੇ ਸ਼ਿਕਾਇਤ 'ਤੇ ਕਾਰਵਾਈ ਕਰਨ ਲਈ 10000 ਰੁਪਏ ਦੀ ਮੰਗ ਕੀਤੀ ਅਤੇ 2000 ਰੁਪਏ ਉਸ ਸਮੇਂ ਹੀ ਮੇਰੀ ਮਾਸੀ ਪਾਸੋਂ ਲੈ ਲਿਆ। ਜਦੋਂ ਮੈਂ ਕੱਲ੍ਹ 13 ਮਈ ਨੂੰ ਸਹਾਇਕ ਥਾਣੇਦਾਰ ਰਾਜਵਿੰਦਰ ਸਿੰਘ ਨੂੰ ਮਿਲਿਆ ਤਾਂ ਸਹਾਇਕ ਥਾਣੇਦਾਰ 8000 ਰੁਪਏ ਰਿਸ਼ਵਤ ਲੈਣ ਲਈ ਸਹਿਮਤ ਹੋ ਗਿਆ ਅਤੇ ਮੈਨੂੰ ਕਿਹਾ ਕਿ ਰਹਿੰਦੇ 6 ਹਜ਼ਾਰ ਰੁਪਏ ਮੈਨੂੰ 14 ਮਈ ਨੂੰ 10-11 ਵਜੇ ਬਾਬਾ ਹੀਰਾ ਸਿੰਘ ਭੱਠਲ ਕਾਲਜ ਵਿਖੇ ਆ ਕੇ ਦੇ ਜਾਵੀ। ਜਿਸ ਉੱਤੇ ਵਿਜੀਲੈਂਸ ਬਿਊਰੋ ਯੂਨਿਟ ਸੰਗਰੂਰ ਵੱਲੋਂ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ 19 ਮਿਤੀ 14 ਮਈ ਨੂੰ ਥਾਣਾ ਬਿਜਲੈਂਸ ਬਿਊਰੋ ਪਟਿਆਲਾ ਰੇਂਜ ਪਟਿਆਲਾ ਦਰਜ ਰਜਿਸਟਰ ਕਰਕੇ ਸਹਾਇਕ ਥਾਣੇਦਾਰ ਰਾਜਵਿੰਦਰ ਸਿੰਘ ਨੂੰ ਮੁਦੱਈ ਅਨੂਪ ਪੁੱਤਰ ਹਰਮੇਸ਼ ਪਾਸੋਂ 6000 ਰਿਸ਼ਵਤ ਲੈਂਦੇ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਹੈ। ਇਸ ਮੌਕੇ ਸਬ ਇੰਸਪੈਕਟਰ ਗੁਰਲਾਭ ਸਿੰਘ ਵਿਜੀਲੈਂਸ ਬਿਊਰੋ ਸੰਗਰੂਰ ਤੇ ਹੋਰ ਕਰਮਚਾਰੀ ਹਾਜ਼ਰ ਸਨ।