ਮਾਲੇਰਕੋਟਲਾ : ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਉਮੀਦਵਾਰ ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਬੀਤੀ ਦੇਰ ਸ਼ਾਮ ਮਾਲੇਰਕੋਟਲਾ ਵਿਖੇ ਪਾਰਟੀ ਦਫਤਰ ਦਾ ਉਦਘਾਟਨ ਕੀਤਾ। ਇਸ ਮੌਕੇ ਹਲਕਾ ਵਿਧਾਇਕ ਜਮੀਲ ਉਰ ਰਹਿਮਾਨ ਸਮੇਤ ਹਲਕੇ ਦੀ ਸਮੁੱਚੀ ਲੀਡਰਸ਼ਿਪ ਅਤੇ ਵਲੰਟੀਅਰਾਂ ਸਣੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ। ਮੀਤ ਹੇਅਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਨੇ ਪਿਛਲੇ ਦੋ ਸਾਲਾਂ ਵਿੱਚ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਭ ਗਾਰੰਟੀਆਂ ਪੂਰੀਆਂ ਕੀਤੀਆਂ ਹਨ। ਆਉਂਦੇ ਤਿੰਨ ਸਾਲਾਂ ਵਿੱਚ ਹੋਰ ਵੀ ਕੰਮ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰਾਂ ਵੱਲੋਂ ਪਾਰਲੀਮੈਂਟ ਚੋਣਾਂ ਲਈ ਵੀ ਏਜੰਡਾ ਰੱਖਿਆ ਗਿਆ ਹੈ ਅਤੇ ਕੇਂਦਰ ਵਿੱਚ ਆਪ ਦੇ ਸਹਿਯੋਗ ਨਾਲ ਬਣਨ ਵਾਲੀ ਸਰਕਾਰ ਤੋਂ ਸਾਰੇ ਅਜਿਹੇ ਕੰਮ ਕਰਵਾਏ ਜਾਣਗੇ।ਮੀਤ ਹੇਅਰ ਨੇ ਕਿਹਾ ਕਿ ਸੰਗਰੂਰ ਦੇ ਹੱਕਾਂ ਦੀ ਰਾਖੀ ਲਈ ਡਟ ਕੇ ਪਹਿਰਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੰਗਰੂਰ ਦੇ ਵਿਕਾਸ ਲਈ ਰੱਖੇ ਏਜੰਡੇ ਵਿੱਚ ਮੈਡੀਕਲ ਕਾਲਜ ਦੀ ਸਥਾਪਨਾ, ਆਈ.ਆਈ.ਟੀ. ਜਾਂ ਆਈ.ਆਈ.ਐਮ. ਜਾਂ ਕੇਂਦਰੀ ਯੂਨੀਵਰਸਿਟੀ ਜਿਹੀ ਸੰਸਥਾ ਦੀ ਸਥਾਪਨਾ, ਤਿੰਨੋ ਜ਼ਿਲਿ੍ਹਆਂ ਮਾਲੇਰਕੋਟਲਾ, ਸੰਗਰੂਰ ਤੇ ਬਰਨਾਲਾ ਵਿਖੇ ਆਊਟਡੋਰ ਤੇ ਇੰਡੋਰ ਮਲਟੀਪਰਪਜ਼ ਸਟੇਡੀਅਮ, ਕੌਮਾਂਤਰੀ ਮਾਪਦੰਡਾਂ ਵਾਲਾ ਕ੍ਰਿਕਟ ਸਟੇਡੀਅਮ ਅਤੇ ਤਿੰਨੇ ਭਾਸ਼ਾਵਾਂ ਉਰਦੂ, ਪੰਜਾਬੀ ਤੇ ਹਿੰਦੀ ਦੀ ਪ੍ਰ੍ਰਫੁੱਲਤਾ ਲਈ ਭਾਸ਼ਾ ਸੈਂਟਰ ਜਾਂ ਅਕੈਡਮੀ ਸਥਾਪਤ ਕਰਵਾਈ ਜਾਵੇਗੀ। ਵਿਧਾਇਕ ਜਮੀਲ ਉਰ ਰਹਿਮਾਨ ਨੇ ਕਿਹਾ ਕਿ ਮਾਲੇਰਕੋਟਲਾ ਹਲਕੇ ਤੋਂ ਆਮ ਆਦਮੀ ਪਾਰਟੀ ਨੂੰ ਵੱਡੀ ਲੀਡ ਦਿਵਾ ਕੇ ਮੀਤ ਹੇਅਰ ਨੂੰ ਪਾਰਲੀਮੈਂਟ ਭੇਜਿਆ ਜਾਵੇਗਾ