ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਰਾਜਨੀਤੀ ਵਿਗਿਆਨ ਵਿਭਾਗ ਵਿਖੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਪੁੱਜੇ ਪ੍ਰੋ. ਅਰਸ਼ੀ ਖ਼ਾਨ ਵੱਲੋਂ ‘ਸੁਰੱਖਿਆ, ਅਜ਼ਾਦੀ ਅਤੇ ਅਮਨ: ਇਜ਼ਰਾਈਲ ਫਲਸਤੀਨ ਪ੍ਰਸੰਗ ਵਿੱਚ’ ਵਿਸ਼ੇ ਉੱਤੇ ਵਿਸ਼ੇਸ਼ ਭਾਸ਼ਣ ਦਿੱਤਾ। ਉਨ੍ਹਾਂ ਦੱਸਿਆ ਕਿ ਫਲਸਤੀਨ ਵਿੱਚ ਹੋ ਰਹੇ ਹਮਲਿਆਂ ਨੇ ਸਿਰਫ਼ ਇਜ਼ਰਾਈਲ ਦਾ ਹੀ ਨਹੀਂ ਬਲਕਿ ਹੋਰ ਬਹੁਤ ਸਾਰੇ ਰਾਸ਼ਟਰਾਂ ਅਤੇ ਆਲਮੀ ਅਦਾਰਿਆਂ ਦਾ ਚਿਹਰਾ ਬੇਨਕਾਬ ਕਰ ਦਿੱਤਾ ਹੈ। ਅਜਿਹੀ ਸਥਿਤੀ ਨੇ ਰਾਸ਼ਟਰ ਦੇ ਮੌਜੂਦਾ ਸੰਕਲਪ ਅਤੇ ਰਾਜਨੀਤੀ ਦੇ ਸਰੂਪ ਉੱਪਰ ਵੀ ਸਵਾਲੀਆ ਨਿਸ਼ਾਨ ਲਗਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਬੱਚਿਆਂ ਅਤੇ ਔਰਤਾਂ ਦੇ ਮਾਰੇ ਜਾਣ, ਬੇਹੱਦ ਮਾਰੂ ਕਿਸਮ ਦੇ ਅਤਿ-ਆਧੁਨਿਕ ਹਥਿਆਰਾਂ ਦੀ ਵਰਤੋਂ ਕੀਤੇ ਜਾਣ ਆਦਿ ਜਿਹੀਆਂ ਘਿਨੌਣੀਆਂ ਕਾਰਵਾਈਆਂ ਦੇ ਖਿ਼ਲਾਫ਼ ਬੋਲਣ ਦੀ ਬਜਾਇ ਵਿਸ਼ਵ ਭਰ ਦੇ ਵੱਡੇ ਦੇਸਾਂ ਵੱਲੋਂ ਚੁੱਪੀ ਧਾਰਨ ਕਰਨਾ ਉਨ੍ਹਾਂ ਦੇ ਦੰਭੀ ਵਿਵਹਾਰ ਨੂੰ ਦਰਸਾਉਂਦਾ ਹੈ।
ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਵਿਸ਼ਵ ਦੀਆਂ ਵੱਡੀਆਂ ਤਾਕਤਾਂ ਨੇ ਇਜ਼ਰਾਇਲ ਵੱਲੋਂ ਕੀਤੇ ਜਾ ਰਹੇ ਤਾਜ਼ਾ ਹਮਲਿਆਂ ਦੇ ਮੱਦੇਨਜ਼ਰ ਇਜ਼ਰਾਇਲ ਉੱਤੇ ਕਿਸੇ ਵੀ ਤਰ੍ਹਾਂ ਦੀ ਆਰਥਿਕ ਜਾਂ ਵਪਾਰਕ ਪਾਬੰਦੀ ਨਹੀਂ ਲਗਾਈ ਗਈ। ਉਨ੍ਹਾਂ ਆਪਣੇ ਭਾਸ਼ਣ ਵਿੱਚ ਇਜ਼ਰਾਇਲ ਅਤੇ ਫਲਸਤੀਨ ਨਾਲ਼ ਜੁੜੇ ਇਤਿਹਾਸਿਕ ਤੱਥਾਂ ਬਾਰੇ ਜਾਣਕਾਰੀ ਦਿੱਤੀ ਜੋ ਇਸ ਟਕਰਾਅ ਦੇ ਮੂਲ ਕਾਰਨ ਹਨ। ਉਨ੍ਹਾਂ ਆਪਣੇ ਭਾਸ਼ਣ ਵਿੱਚ ਇਸ ਗੱਲ ਦਾ ਵੀ ਖਦਸ਼ਾ ਜਤਾਇਆ ਕਿ ਆਉਣ ਵਾਲ਼ੇ ਸਮੇਂ ਵਿੱਚ ਜਦੋਂ ਮਸ਼ੀਨੀ ਬੁੱਧੀ (ਏ.ਆਈ.) ਦਾ ਵਿਕਾਸ ਹੋ ਰਿਹਾ ਹੈ ਤਾਂ ਭਵਿੱਖ ਵਿਚਲੇ ਯੁੱਧ ਹੋਰ ਵੀ ਮਾਰੂ ਹੋ ਜਾਣਗੇ ਜਿਸ ਨਾਲ਼ ਮਨੁੱਖਤਾ ਦਾ ਹੋਰ ਵੱਡੇ ਪੱਧਰ ਉੱਤੇ ਘਾਣ ਹੋਣਾ ਤੈਅ ਹੈ।
ਵਿਭਾਗ ਮੁਖੀ ਡਾ. ਪਰਮਜੀਤ ਕੌਰ ਗਿੱਲ ਵੱਲੋਂ ਆਪਣੇ ਸਵਾਗਤੀ ਭਾਸ਼ਣ ਵਿੱਚ ਇਸ ਵਿਸ਼ੇ ਦੀ ਪ੍ਰਸੰਗਿਕਤਾ ਅਤੇ ਅਹਿਮੀਅਤ ਦੇ ਹਵਾਲੇ ਨਾਲ਼ ਗੱਲਾਂ ਕੀਤੀਆਂ। ਉਨ੍ਹਾਂ ਰਾਸ਼ਟਰ ਦੇ ਸੰਕਲਪ ਅਤੇ ਮੌਜੂਦਾ ਸਮੇਂ ਦੇ ਰਾਜਨੀਤਿਕ ਰੁਝਾਨਾਂ ਅਤੇ ਅੰਤਰਰਾਸ਼ਟਰੀ ਸੰਬੰਧਾਂ ਬਾਰੇ ਗੱਲ ਕਰਦਿਆਂ ਇਸ ਦੇ ਪ੍ਰਭਾਵਾਂ ਉੱਪਰ ਵੀ ਚਾਨਣਾ ਪਾਇਆ।
ਭਾਸ਼ਣ ਉਪਰੰਤ ਵਿਦਿਆਰਥੀਆਂ ਵੱਲੋਂ ਇਸ ਵਿਸ਼ੇ ਨਾਲ਼ ਸੰਬੰਧਤ ਵੱਖ-ਵੱਖ ਸਵਾਲ ਪੁੱਛ ਕੇ ਸੰਵਾਦ ਰਚਾਇਆ ਗਿਆ। ਇਸ ਉਪਰੰਤ ਪ੍ਰੋ. ਅਰਸ਼ੀ ਖ਼ਾਨ ਨੂੰ ਵਿਭਾਗ ਵੱਲੋਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪ੍ਰੋਵੋਸਟ ਇੰਦਰਜੀਤ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਤੋਂ ਅਧਿਆਪਕ, ਖੋਜਾਰਥੀ ਅਤੇ ਵਿਦਿਆਰਥੀ ਹਾਜ਼ਰ ਰਹੇ।