ਪਟਿਆਲਾ : ਜ਼ਿਲ੍ਹਾ ਚੋਣ ਅਫ਼ਸਰ, ਪਟਿਆਲਾ ਸ਼ੌਕਤ ਅਹਿਮਦ ਪਰੇ ਦੀ ਅਗਵਾਈ ਤੇ ਸਵੀਪ ਗਤੀਵਿਧੀਆਂ ਹੇਠ 18 ਮਈ, ਦਿਨ ਸ਼ਨੀਵਾਰ ਨੂੰ ਸਵੇਰੇ 5.30 ਵਜੇ ਪੋਲੋ ਗਰਾਊਂਡ ਵਿਖੇ ਕਰਵਾਈ ਜਾਣ ਵਾਲੀ 'ਵੋਟ ਰਨ ਮੈਰਾਥਨ' ਦੀਆਂ ਤਿਆਰੀਆਂ ਜੋਰਾਂ 'ਤੇ ਹਨ। ਇਸ ਮੈਰਥਨ ਵਿੱਚ ਸਮੂਹ ਪਟਿਆਲਵੀ ਉਤਸ਼ਾਹ ਨਾਲ ਹਿੱਸਾ ਲੈਣ। ਇਹ ਅਪੀਲ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਕੰਚਨ ਨੇ ਕੀਤੀ। ਉਨ੍ਹਾਂ ਨੇ ਇਸ ਮੈਰਾਥਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਮੌਕੇ ਸਮੂਹ ਵੋਟਰਾਂ ਨੂੰ ਸੱਦਾ ਦਿੱਤਾ ਕਿ ਲੋਕ ਸਭਾ ਲਈ 1 ਜੂਨ ਨੂੰ ਵੋਟਾਂ ਪਾਉਣ ਤੋਂ ਕੋਈ ਵੀ ਯੋਗ ਵੋਟਰ ਵਾਂਝਾ ਨਾ ਰਹੇ ਇਸ ਲਈ ਪਟਿਆਲਾ ਵਾਸੀ ਇਸ ਮੈਰਾਥਨ ਵਿੱਚ ਜਰੂਰ ਹਿੱਸਾ ਲੈਣ ਤਾਂ ਕਿ ਹੋਰਨਾਂ ਨੂੰ ਵੀ ਵੋਟਾਂ ਪਾਉਣ ਲਈ ਜਾਗਰੂਕ ਕੀਤਾ ਜਾ ਸਕੇ। ਏ.ਡੀ.ਸੀ. ਨੇ ਦੱਸਿਆ ਕਿ ਇਸ ਮੈਰਾਥਨ ਮੌਕੇ ਲੋਕ ਸਭਾ ਹਲਕਾ ਪਟਿਆਲਾ ਲਈ ਤਾਇਨਾਤ ਆਬਜ਼ਰਵਰ ਓਮ ਪ੍ਰਕਾਸ਼ ਬਕੋੜੀਆ, ਪੁਲਿਸ ਆਬਜ਼ਰਵਰ ਆਮਿਰ ਜਾਵੇਦ ਤੇ ਖ਼ਰਚਾ ਆਬਜ਼ਰਵਰ ਮੀਤੂ ਅਗਰਵਾਲ ਸਮੇਤ ਜ਼ਿਲ੍ਹਾ ਚੋਣ ਅਫ਼ਸਰ ਸ਼ੌਕਤ ਅਹਿਮਦ ਪਰੇ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਏ.ਡੀ.ਸੀ. ਨੇ ਅੱਗੇ ਦੱਸਿਆ ਕਿ ਇਹ ਵੋਟ ਰਨ ਮੈਰਾਥਨ ਪੋਲੋ ਗਰਾਊਂਡ ਤੋਂ ਸ਼ੁਰੂ ਹੋਕੇ ਲੀਲਾ ਭਵਨ, ਬਾਰਾਂਦਰੀ, ਸ਼ੇਰਾਂ ਵਾਲਾ ਗੇਟ ਤੋਂ ਹੁੰਦੀ ਹੋਈ ਫੁਹਾਰਾ ਚੌਂਕ ਤੋਂ ਵਾਪਸ ਪੋਲੋ ਗਰਾਊਂਡ ਵਿਖੇ ਸਮਾਪਤ ਹੋਵੇਗੀ।
ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕੰਚਨ ਨੇ ਪਟਿਆਲਾ ਵਾਸੀਆਂ ਨੂੰ ਮੁੜ ਅਪੀਲ ਕੀਤੀ ਕਿ ਉਹ 18 ਮਈ ਦਿਨ ਸ਼ਨੀਵਾਰ ਨੂੰ ਪੋਲੋ ਗਰਾਊਂਡ ਵਿਖੇ ਸਵੇਰੇ 5.30 ਵਜੇ ਵੋਟ ਰਨ ਮੈਰਾਥਨ ਵਿੱਚ ਹਿੱਸਾ ਲੈਣ ਲਈ ਵੱਧ ਚੜ੍ਹਕੇ ਸ਼ਿਰਕਤ ਕਰਨ ਅਤੇ ਵੋਟਰ ਜਾਗਰੂਕਤਾ ਮੁਹਿੰਮ ਨੂੰ ਸਫ਼ਲ ਬਣਾਉਣ ਤਾਂ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਲੋਕਤੰਤਰ ਦੀ ਮਜ਼ਬੂਤੀ ਲਈ ਇਸ ਵਾਰ 70 ਫੀਸਦੀ ਤੋਂ ਪਾਰ ਦੇ ਨਾਅਰੇ ਤਹਿਤ ਪਟਿਆਲਾ ਜ਼ਿਲ੍ਹੇ ਦੇ ਵੋਟਰਾਂ ਦੀਆਂ ਵੱਧ ਤੋਂ ਵੱਧ ਵੋਟਾਂ ਪੁਆਈਆਂ ਜਾ ਸਕਣ। ਮੀਟਿੰਗ ਮੌਕੇ ਸਹਾਇਕ ਕਮਿਸ਼ਨਰ (ਜ) ਮਨਜੀਤ ਕੌਰ, ਜ਼ਿਲ੍ਹਾ ਸਵੀਪ ਇੰਚਾਰਜ ਪ੍ਰੋ. ਸ਼ਵਿੰਦਰ ਰੇਖੀ ਤੇ ਮੋਹਿਤ ਕੌਸ਼ਲ, ਚੋਣ ਤਹਿਸੀਲਦਾਰ ਵਿਜੇ ਕੁਮਾਰ ਚੌਧਰੀ, ਡੀ.ਡੀ.ਐਫ. ਨਿਧੀ ਮਲਹੋਤਰਾ ਤੇ ਹੋਰ ਮੌਜੂਦ ਸਨ।