ਉਮੀਦਵਾਰਾਂ ਵੱਲੋਂ ਕੀਤੇ ਜਾਣ ਵਾਲੇ ਚੋਣ ਖਰਚੇ 'ਤੇ ਤਿੱਖੀ ਨਜ਼ਰ ਰੱਖਣ ਦੇ ਆਦੇਸ਼
ਲੋਕ ਸਭਾ ਚੋਣਾਂ ਸਬੰਧੀ ਬਣਾਈਆਂ ਨਿਗਰਾਨ ਟੀਮਾਂ ਨੂੰ ਮੁਸਤੈਦੀ ਰੱਖਣ ਦੀ ਹਦਾਇਤ
ਫ਼ਤਹਿਗੜ੍ਹ ਸਾਹਿਬ : ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਪਾਰਦਰਸ਼ੀ ਤੇ ਸ਼ਾਂਤਮਈ ਢੰਗ ਨਾਲ ਕਰਵਾਉਣ ਦੇ ਮੰਤਵ ਲਈ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਵਾਸਤੇ ਨਿਯੁਕਤ ਕੀਤੇ ਗਏ ਜਨਰਲ ਚੋਣ ਅਬਜ਼ਰਵਰ ਆਈ.ਏ.ਐਸ. ਅਧਿਕਾਰੀ ਰਕੇਸ਼ ਕੁਮਾਰ, ਪੁਲਿਸ ਅਬਜਰਵਰ ਸੰਦੀਪ ਗਜਾਨਨ ਦੀਵਾਨ ਆਈ.ਪੀ.ਐਸ. ਅਤੇ ਚੋਣ ਖਰਚਾ ਅਬਜ਼ਰਵਰ ਆਨੰਦ ਕੁਮਾਰ ਆਈ.ਆਰ.ਐਸ. ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲਾ ਚੋਣ ਅਫਸਰ, ਜ਼ਿਲ੍ਹਾ ਪੁਲਿਸ ਮੁਖੀਆਂ ਅਤੇ ਲੋਕ ਸਭਾ ਹਲਕੇ ਅੰਦਰ ਪੈਂਦੇ 09 ਵਿਧਾਨ ਸਭਾ ਹਲਕਿਆਂ ਦੇ ਸਹਾਇਕ ਰਿਟਰਨਿੰਗ ਅਫਸਰਾਂ ਅਤੇ ਡੀਐਸਪੀਜ਼ ਨਾਲ ਇੱਕ ਅਹਿਮ ਮੀਟਿੰਗ ਕੀਤੀ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜਨਰਲ ਅਬਜਰਵਰ ਸ਼੍ਰੀ ਰਕੇਸ਼ ਕੁਮਾਰ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਚੋਣਾਂ ਦੌਰਾਨ ਡਿਊਟੀ ਤੇ ਤੈਨਾਤ ਪੋਲਿੰਗ ਸਟਾਫ ਦੀਆਂ ਵੋਟਾਂ ਪਾਉਣ ਨੂੰ ਯਕੀਨੀ ਬਣਾਉਣ ਵਾਸਤੇ ਪੋਸਟਲ ਬੈਲਟ ਪੇਪਰਾਂ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ ਅਤੇ ਵੋਟ ਪਾਉਣ ਵਾਸਤੇ ਢੁਕਵੇਂ ਫੈਸਲੀਟੇਸ਼ਨ ਸੈਂਟਰ ਵੀ ਬਣਾਏ ਜਾਣ ਤਾਂ ਜੋ ਵੋਟਰਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਉਹਨਾਂ ਇਹ ਵੀ ਕਿਹਾ ਕਿ ਪਾਰਦਰਸ਼ੀ ਢੰਗ ਨਾਲ ਚੋਣਾਂ ਕਰਵਾਉਣ ਵਾਸਤੇ ਬਣਾਈਆਂ ਗਈਆਂ ਸਰਵਿਸ ਟੀਮਾਂ ਆਪੋ ਆਪਣੇ ਖੇਤਰਾਂ ਵਿੱਚ ਲਗਾਏ ਨਾਕਿਆਂ ਤੇ ਪੂਰੀ ਮੁਸਤੈਦੀ ਨਾਲ ਕੰਮ ਕਰਨ ਅਤੇ ਚੋਣ ਅਤੇ ਅਦਰਸ਼ ਚੋਣ ਜਾਬਤੇ ਦੀ ਸਖਤੀ ਨਾਲ ਪਾਲਣਾ ਕਰਵਾਉਣ ਨੂੰ ਯਕੀਨੀ ਬਣਾਉਣ। ਉਨ੍ਹਾਂ ਇਹ ਵੀ ਕਿਹਾ ਕਿ ਚੋਣਾਂ ਦੌਰਾਨ ਵਰਤੇ ਜਾਣ ਵਾਲੇ ਵਾਹਨਾਂ ਦੀ ਜੀ ਪੀ ਐੱਸ ਨਾਲ ਪੂਰੀ ਨਿਗਰਾਨੀ ਕੀਤੀ ਜਾਵੇ।
ਇਸ ਮੌਕੇ ਖਰਚਾ ਆਬਜ਼ਰਬਰ ਅਨੰਦ ਕੁਮਾਰ ਨੇ ਸਮੂਹ ਸਮੂਹ ਸਹਾਇਕ ਰਿਟਰਨਿੰਗ ਅਫਸਰਾਂ ਨੂੰ ਕਿਹਾ ਕਿ ਚੋਣਾਂ ਦੌਰਾਨ ਉਮੀਦਵਾਰਾਂ ਵੱਲੋਂ ਕੀਤੇ ਜਾਣ ਵਾਲੇ ਚੋਣ ਖਰਚੇ ਤੇ ਤਿੱਖੀ ਨਜ਼ਰ ਰੱਖੀ ਜਾਵੇ ਅਤੇ ਚੋਣਾਂ ਸਬੰਧੀ ਪ੍ਰਾਪਤ ਹੋਣ ਵਾਲੀ ਕਿਸੇ ਵੀ ਸ਼ਿਕਾਇਤ ਉੱਤੇ 30 ਮਿੰਟ ਦੇ ਅੰਦਰ ਅੰਦਰ ਕਾਰਵਾਈ ਕਰਨੀ ਯਕੀਨੀ ਬਣਾਈ ਜਾਵੇ। ਉਹਨਾਂ ਇਹ ਵੀ ਕਿਹਾ ਕਿ ਉਮੀਦਵਾਰਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਚੋਣ ਰੈਲੀਆਂ ਮੀਟਿੰਗਾਂ ਅਤੇ ਹੋਰ ਗਤੀਵਿਧੀਆਂ ਤੇ ਮੁਕੰਮਲ ਵੀਡੀਓਗ੍ਰਾਫੀ ਕਰਵਾਈ ਜਾਵੇ ਅਤੇ ਰੋਜ਼ਾਨਾ ਭੇਜੀਆਂ ਜਾਣ ਵਾਲੀਆਂ ਰਿਪੋਰਟਾਂ ਦਾ ਰਿਕਾਰਡ ਪੂਰੀ ਤਰ੍ਹਾਂ ਅਪਡੇਟ ਰੱਖਿਆ ਜਾਵੇ।
ਪੁਲਿਸ ਅਬਜ਼ਰਵਰ ਸੰਦੀਪ ਗਜ਼ਾਨਨ ਦੀਵਾਨ ਨੇ ਇਸ ਮੌਕੇ ਟੀਮਾਂ ਨੂੰ ਹਦਾਇਤ ਕੀਤੀ ਕਿ ਨਾਕਿਆਂ ਵਿੱਚੋਂ ਗੁਜਰਨ ਵਾਲੇ ਵਾਹਨਾਂ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਜਾਵੇ।
ਇਸ ਮੌਕੇ ਜਿਲਾ ਚੋਣ ਅਫਸਰ ਸ੍ਰੀਮਤੀ ਪਰਨੀਤ ਸ਼ੇਰਗਿੱਲ ਨੇ ਚੋਣ ਅਬਜਰਵਰਾਂ ਨੂੰ ਹਲਕੇ ਵਿੱਚ ਪਾਰਦਰਸ਼ੀ ਢੰਗ ਨਾਲ ਚੋਣਾਂ ਕਰਵਾਉਣ ਲਈ ਕੀਤੇ ਪ੍ਰਬੰਧਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਸਮੇਂ-ਸਮੇਂ ਸਿਰ ਜਾਰੀ ਕੀਤੇ ਜਾਂਦੇ ਵੱਖ ਵੱਖ ਅਦੇਸ਼ਾਂ ਦੀ ਹੇਠਲੇ ਪੱਧਰ ਤੱਕ ਪਾਲਣਾ ਕਰਨੀ ਯਕੀਨੀ ਬਣਾਈ ਜਾ ਰਹੀ ਹੈ ਅਤੇ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਨੇ ਇਸ ਮੌਕੇ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ।
ਮੀਟਿੰਗ ਵਿੱਚ ਪੁਲਿਸ ਜ਼ਿਲਾ ਖੰਨਾ ਦੇ ਐਸਐਸਪੀ ਸ਼੍ਰੀਮਤੀ ਅਮਨੀਤ ਕੌਂਡਲ, ਵਧੀਕ ਜ਼ਿਲ੍ਹਾ ਚੋਣ ਅਫ਼ਸਰ ਈਸ਼ਾ ਸਿੰਘਲ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੁਰਿੰਦਰ ਸਿੰਘ ਧਾਲੀਵਾਲ ਤੋਂ ਇਲਾਵਾ ਹਲਕੇ ਦੇ ਸਮੂਹ ਸਹਾਇਕ ਰਿਟਰਨਿੰਗ ਅਫਸਰ ਡੀਐਸਪੀ, ਵੱਖ-ਵੱਖ ਕਮੇਟੀਆਂ ਦੇ ਨੋਡਲ ਅਫਸਰ ਵੀ ਹਾਜ਼ਰ ਸਨ।