ਫਤਿਹਗੜ੍ਹ ਸਾਹਿਬ : ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਮੈਂਨ ਕਮ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਸ਼੍ਰੀ ਅਰੁਣ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਸ਼੍ਰੀਮਤੀ ਦੀਪਤੀ ਗੋਇਲ ਨੇ ਬਸੀ ਪਠਾਣਾ ਵਿਖੇ ਬੇਸਹਾਰਾ ਬਜ਼ੁਰਗਾਂ ਦੀ ਸਹਾਇਤਾ ਲਈ ਸਥਿਤ ਟਰੱਸਟ ਵੱਲੋਂ ਚਲਾਏ ਜਾ ਰਹੇ ਬਿਰਧ ਆਸ਼ਰਮ ਦਾ ਵਿਸ਼ੇਸ ਤੌਰ ਤੇ ਦੌਰਾ ਕੀਤਾ ਗਿਆ ਅਤੇ ਉੱਥੇ ਰਹਿ ਰਹੇ ਬਜ਼ੁਰਗਾਂ ਨੂੰ ਮਿਲ ਕੇ ਉਨ੍ਹਾਂ ਦੀ ਸਿਹਤ ਸਬੰਧੀ ਜਾਣਕਾਰੀ ਹਾਸਲ ਕੀਤੀ ਅਤੇ ਬਜ਼ੁਰਗਾਂ ਤੇ ਪ੍ਰਬੰਧਕਾਂ ਨੂੰ ਬਜ਼ੁਰਗਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਵੱਖ-ਵੱਖ ਸਹੂਲਤਾਂ ਬਾਰੇ ਜਾਣੂ ਕਰਵਾਇਆ। ਸਕੱਤਰ ਨੇ ਵਿਸ਼ੇਸ ਤੌਰ ਤੇ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਦਿੱਤੀਆਂ ਜਾਂਦੀਆਂ ਕਾਨੂੰਨੀ ਸੇਵਾਵਾਂ ਬਾਰੇ ਵਿਸਥਾਰਪੂਰਵਕ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਜਨ ਉਪਯੋਗੀ ਸੇਵਾਵਾਂ ਸਬੰਧੀ ਜ਼ਿਲ੍ਹਾ ਪੱਧਰੀ ਸਥਾਈ ਲੋਕ ਅਦਾਲਤ ਜੋ ਕਿ ਜ਼ਿਲ੍ਹਾ ਕਚਹਿਰੀਆਂ ਦੇ ਸਮਝੌਤਾ ਸਦਨ ਵਿਖੇ ਲੱਗਦੀ ਹੈ, ਜਿਸ ਵਿੱਚ ਬੁਢਾਪਾ ਅਤੇ ਬਿਧਵਾ ਪੈਨਸ਼ਨ ਸਬੰਧੀ ਕੇਸ ਵੀ ਲਗਾਏ ਜਾ ਸਕਦੇ ਹਨ। ਜੇਕਰ ਕਿਸੇ ਲੋੜਵੰਦ ਬਜ਼ੁਰਗ ਨੂੰ ਪੈਨਸ਼ਨ ਦੀ ਸਹੂਲਤ ਨਾ ਮਿਲਦੀ ਹੋਵੇ ਤਾਂ ਉਹ ਸਮਝੌਤਾ ਸਦਨ ਵਿਖੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸਥਾਪਤ ਕੀਤੇ ਗਏ ਪੁੱਛ-ਗਿੱਛ ਕੇਂਦਰ(ਫਰੰਟ ਆਫਿਸ) ਵਿਖੇ ਸੰਪਰਕ ਕਰਕੇ ਆਪਣੀ ਸਮੱਸਿਆ ਸਬੰਧੀ ਸਾਦੇ ਕਾਗਜ਼ ਤੇ ਦਰਖਾਸਤ ਲਿਖਾ ਕੇ ਲੋਕ ਅਦਾਲਤ ਵਿੱਚ ਆਪਣਾ ਮਸਲਾ ਰੱਖ ਸਕਦੇ ਹਨ। ਸ਼੍ਰੀਮਤੀ ਗੋਇਲ ਨੇ ਬਿਰਧ ਆਸ਼ਰਮ ਦੇ ਪ੍ਰਬੰਧਕਾਂ ਨੂੰ ਵਿਸ਼ੇਸ਼ ਤੌਰ ਤੇ ਗਰਮੀ ਦੇ ਮੌਸਮ ਵਿੱਚ ਬਜ਼ੁਰਗਾਂ ਦੀਆਂ ਸਿਹਤ ਸਹੂਲਤਾਂ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਣ ਲਈ ਕਿਹਾ, ਉਨ੍ਹਾਂ ਪ੍ਰਬੰਧਕਾਂ ਨੂੰ ਇਹ ਵੀ ਭਰੋਸਾ ਦਵਾਇਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਬਜ਼ੁਰਗਾਂ ਨੂੰ ਹਰ ਤਰ੍ਹਾਂ ਦੀਆਂ ਸਿਹਤ ਸਹੂਲਤਾ ਮੁਹੱਈਆ ਕਰਵਾਉਣ ਵਾਸਤੇ ਹਰ ਤਰ੍ਹਾਂ ਦੀ ਸਹਾਇਤਾ ਕੀਤੀ ਜਾਵੇਗੀ। ਉਨ੍ਹਾਂ ਬਜ਼ੁਰਗਾਂ ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਮੁਹੱਈਆ ਕਰਵਾਈ ਜਾਂਦੀ ਮੁਫਤ ਕਾਨੂੰਨੀ ਸਹਾਇਤਾ ਬਾਰੇ ਵੀ ਜਾਣੂ ਕਰਵਾਇਆ।