ਫ਼ਤਹਿਗੜ੍ਹ ਸਾਹਿਬ : ਜਨਰਲ ਆਬਜ਼ਰਵਰ ਸ਼੍ਰੀ ਰਾਕੇਸ਼ ਸ਼ੰਕਰ ਤੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਦੀ ਅਗਵਾਈ ਵਿੱਚ ਲੋਕ ਸਭਾ ਚੋਣਾਂ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਮਾਈਕਰੋ ਆਬਜ਼ਰਵਰਾਂ ਦੀ ਟ੍ਰੇਨਿੰਗ ਕਰਵਾਈ ਗਈ। ਮਾਤਾ ਗੁਜਰੀ ਕਾਲਜ ਵਿਖੇ ਮਾਈਕਰੋ ਆਬਜ਼ਰਵਰਾਂ ਲਈ ਕਰਵਾਏ ਗਏ ਸਿਖ਼ਲਾਈ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਮਾਈਕਰੋ ਆਬਜ਼ਰਵਰਾਂ ਨੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਹੁੰਦੀਆਂ ਹਨ। ਪੋਲਿੰਗ ਸਟੇਸ਼ਨਾਂ ਦੀਆਂ ਤਿਆਰੀਆਂ ਦੇ ਜਾਇਜ਼ੇ ਤੋਂ ਲੈ ਕੇ ਸ਼ਾਂਤਮਈ ਮਤਦਾਨ ਯਕੀਨੀ ਬਣਾਉਣ ਲਈ ਮਾਈਕਰੋ ਆਬਜ਼ਰਵਰ ਸਮੁੱਚੀ ਚੋਣ ਪ੍ਰਕਿਰਿਆ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਮਾਈਕਰੋ ਆਬਜ਼ਰਵਰ ਚੋਣਾਂ ਨਾਲ ਸਬੰਧਤ ਸਮੁੱਚੇ ਕਾਰਜ ਲਈ ਸਿੱਧੇ ਤੌਰ 'ਤੇ ਆਬਜ਼ਰਵਰਾਂ ਨੂੰ ਰਿਪੋਰਟ ਕਰਨਗੇ। ਜਨਰਲ ਆਬਜ਼ਰਵਰ ਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਾਈਕਰੋ ਆਬਜ਼ਰਵਰਾਂ ਦੀ ਮਹੱਤਤਾ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਚੋਣ ਪ੍ਰਕਿਰਿਆ 'ਤੇ ਸਖ਼ਤ ਨਜ਼ਰ ਰੱਖਣ ਲਈ ਉਹਨਾਂ ਨੂੰ ਵਲਨਰਬਿਲਟੀ ਮੈਪਿੰਗ ਦੌਰਾਨ ਪਛਾਣੇ ਗਏ ਸੰਵੇਦਨਸ਼ੀਲ ਪੋਲਿੰਗ ਖੇਤਰਾਂ 'ਚ ਨਿਯੁਕਤ ਕੀਤਾ ਜਾਂਦਾ ਹੈ। ਮਾਈਕਰੋ ਆਬਜ਼ਰਵਰ ਪੋਲਿੰਗ ਵਾਲੇ ਦਿਨ ਉਹਨਾਂ ਨੂੰ ਸੌਂਪੇ ਪੋਲਿੰਗ ਬੂਥਾਂ ਦੀ ਸਮੁੱਚੀ ਚੋਣ ਪ੍ਰਕਿਰਿਆ ਦੀ ਨਿਗਰਾਨੀ ਕਰਨਗੇ। ਉਹਨਾਂ ਨੇ ਮਾਈਕਰੋ ਆਬਜ਼ਰਵਰਾਂ ਨੂੰ ਚੋਣਾਂ ਪਾਰਦਰਸ਼ੀ ਤੇ ਸ਼ਾਂਤੀਪੂਰਵਕ ਢੰਗ ਨਾਲ ਕਰਵਾਉਣ ਲਈ ਚੋਣ ਕਮਿਸ਼ਨ ਵੱਲੋਂ ਸੌਂਪੀ ਡਿਊਟੀ ਤਨਦੇਹੀ ਨਾਲ ਨਿਭਾਉਣ ਲਈ ਕਿਹਾ। ਉਹਨਾਂ ਨੇ ਮਾਈਕਰੋ ਆਬਜ਼ਰਵਰਾਂ ਨੂੰ ਵੋਟਾਂ ਵਾਲੇ ਦਿਨ ਅਸਲ ਵੋਟਿੰਗ ਤੋਂ ਪਹਿਲਾਂ ਮੌਕ ਪੋਲ ਕਰਵਾਉਣ ਦੇ ਨਾਲ-ਨਾਲ ਸਮੁੱਚੀ ਚੋਣ ਪ੍ਰਕਿਰਿਆ 'ਤੇ ਸਖ਼ਤ ਨਜ਼ਰ ਰੱਖਣ ਲਈ ਵੀ ਕਿਹਾ। ਇਸ ਮੌਕੇ ਐੱਸ.ਡੀ.ਐਮ. ਬੱਸੀ ਪਠਾਣਾਂ ਕਮ ਸਹਾਇਕ ਰਿਟਰਨਿੰਗ ਅਫ਼ਸਰ ਸ਼੍ਰੀ ਸੰਜੀਵ ਕੁਮਾਰ ਵੀ ਹਾਜ਼ਰ ਸਨ।