ਸੁਨਾਮ : ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਭ੍ਰਿਸ਼ਟਾਚਾਰ ਦੇ ਮਾਮਲਿਆਂ 'ਚ ਜੇਲ੍ਹ ਤੋਂ ਬਾਹਰ ਆਏ ਨੇਤਾ ਵੋਟਾਂ ਮੰਗਣ ਲਈ ਪੰਜਾਬ ਆ ਰਹੇ ਹਨ। ਅਜਿਹੇ ਆਗੂਆਂ ਵਿੱਚ ਕੋਈ ਨੈਤਿਕਤਾ ਨਹੀਂ ਬਚੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਇੱਕ ਹੈ, ਦੋਵੇਂ ਪੰਜਾਬ ਦੇ ਲੋਕਾਂ ਨੂੰ ਧੋਖਾ ਦੇਕੇ ਲੁੱਟਣ ਲਈ ਆ ਰਹੇ ਹਨ। ਭ੍ਰਿਸ਼ਟਾਚਾਰੀ ਹੱਥ ਨੇ ਝਾੜੂ ਫੜ ਲਿਆ ਹੈ। ਸਨਿੱਚਰਵਾਰ ਦੇਰ ਸ਼ਾਮ ਸੁਨਾਮ ਵਿਖੇ ਭਾਜਪਾ ਦੀ ਸੂਬਾ ਸਕੱਤਰ ਦਾਮਨ ਬਾਜਵਾ ਦੀ ਅਗਵਾਈ ਹੇਠ ਸੰਗਰੂਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਅਰਵਿੰਦ ਖੰਨਾ ਦੇ ਹੱਕ ਵਿੱਚ ਆਯੋਜਿਤ ਕੀਤੇ ਰੋਡ ਸ਼ੋਅ ਨੂੰ ਸੰਬੋਧਨ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਭਾਜਪਾ ਭ੍ਰਿਸ਼ਟਾਚਾਰੀਆਂ ਨੂੰ ਨੱਥ ਪਾਉਣ ਲਈ ਦ੍ਰਿੜ ਸੰਕਲਪ ਹੈ। ਪੰਜਾਬ ਵਿੱਚ ਨਵੇਂ ਰੁਜ਼ਗਾਰ ਪੈਦਾ ਕਰਨ ਅਤੇ ਮਾਫੀਆ ਰਾਜ ਅਤੇ ਨਸ਼ਿਆਂ ਨੂੰ ਖਤਮ ਕਰਨ ਲਈ ਭਾਜਪਾ ਨੂੰ ਲਿਆਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਵਿਸ਼ਵ ਪੱਧਰ 'ਤੇ ਭਾਰਤ ਦੀ ਤਾਕਤ ਅਤੇ ਸਨਮਾਨ ਵਧਿਆ ਹੈ। ਸਰਹੱਦਾਂ ਮਜ਼ਬੂਤ ਹੋ ਗਈਆਂ ਹਨ। ਲੋਕਾਂ ਦੇ ਇਸ ਉਤਸ਼ਾਹ ਤੋਂ ਸਪੱਸ਼ਟ ਹੈ ਕਿ ਪੰਜਾਬ ਦੀ ਬਹਾਦਰ ਧਰਤੀ ਨਵਾਂ ਇਤਿਹਾਸ ਸਿਰਜੇਗੀ। ਸੁਨਾਮ, ਸੰਗਰੂਰ, ਬਰਨਾਲਾ, ਧੂਰੀ ਸਮੇਤ ਸਾਰੇ 9 ਵਿਧਾਨ ਸਭਾ ਹਲਕਿਆਂ ਦੇ ਲੋਕਾਂ ਦਾ ਜਜ਼ਬਾ ਤੇ ਜੋਸ਼ ਨਵੀਂ ਤਸਵੀਰ ਦਾ ਬਲੂ ਪ੍ਰਿੰਟ ਉਲੀਕੇਗਾ। ਰੋਡ ਸ਼ੋਅ ਦਾ ਸ਼ਹਿਰ ਅੰਦਰ ਕਈ ਥਾਵਾਂ 'ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ, ਫ਼ਿਲਮ ਅਦਾਕਾਰ ਹੌਬੀ ਧਾਲੀਵਾਲ, ਹਰਮਨਦੇਵ ਸਿੰਘ ਬਾਜਵਾ, ਮੰਡਲ ਪ੍ਰਧਾਨ ਰਾਜੀਵ ਕੁਮਾਰ ਮੱਖਣ, ਜ਼ਿਲ੍ਹਾ ਜਨਰਲ ਸਕੱਤਰ ਸੰਜੇ ਗੋਇਲ, ਦਰਸ਼ਨ ਸਿੰਘ ਸਰਪੰਚ ਨਮੋਲ, ਗੁਰਜੰਟ ਸਿੰਘ ਬਖਤੌਰ ਨਗਰ, ਮਾਲਵਿੰਦਰ ਸਿੰਘ ਗੋਲਡੀ, ਮੋਨਿਕਾ ਗੋਇਲ, ਡਾ. ਲਵਲੀ ਵਰਮਾ, ਸੀਮਾ ਰਾਣੀ, ਅਨੂ ਸਿੰਗਲਾ ਆਦਿ ਹਾਜ਼ਰ ਸਨ।