ਫ਼ਤਹਿਗੜ੍ਹ ਸਾਹਿਬ : ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਵਿਖੇ ਲੋਕ ਸਭਾ ਚੋਣਾਂ 'ਚ ਵਰਤੀਆਂ ਜਾਣ ਵਾਲੀਆਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ ਵੀ ਐਮ) ਬੈਲਟ ਯੂਨਿਟ (ਬੀ ਯੂ), ਕੰਟਰੋਲ ਯੂਨਿਟਸ (ਸੀ ਯੂ) ਅਤੇ ਵੋਟਰ ਵੈਰੀਫੀਏਬਲ ਪੇਪਰ ਆਡਿਟ ਟਰੇਲਜ਼ (ਵੀ ਵੀ ਪੈਟ) ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡਮਾਈਜ਼ੇਸ਼ਨ ਕੀਤੀ ਗਈ । ਸਮੁੱਚੀ ਪ੍ਰਕਿਰਿਆ ਨੂੰ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ, ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿਚ ਨੇਪਰੇ ਚਾੜ੍ਹਿਆ ਗਿਆ। ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਤਿੰਨ ਵਿਧਾਨ ਸਭਾ ਹਲਕਿਆਂ ਬੱਸੀ ਪਠਾਣਾਂ, ਫਤਿਹਗੜ੍ਹ ਸਾਹਿਬ ਅਤੇ ਅਮਲੋਹ ਸਬੰਧੀ ਕਮਿਸ਼ਨਿੰਗ ਵੇਲੇ ਜਿਹੜੀਆਂ ਮਸ਼ੀਨਾਂ ਵਿੱਚ ਖਰਾਬੀ ਸਾਹਮਣੇ ਆਈ ਸੀ, ਉਹਨਾਂ ਦੀ ਥਾਂ ਸਪਲੀਮੈਂਟਰੀ ਰੈਂਡਮਾਈਜ਼ੇਸ਼ਨ ਤਹਿਤ ਹਰ ਹਲਕੇ ਨੂੰ 03-03 ਬੈਲਟ ਯੂਨਿਟ ਅਤੇ 05-05 ਕੰਟਰੋਲ ਯੂਨਿਟ ਅਤੇ 10-10 ਵੋਟਰ ਵੈਰੀਫੀਏਬਲ ਪੇਪਰ ਆਡਿਟ ਟਰੇਲਜ਼ (ਵੀ ਵੀ ਪੈਟ) ਦਿੱਤੇ ਗਏ ਹਨ।ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਰੈਂਡਮਾਈਜ਼ੇਸ਼ਨ ਦਾ ਉਦੇਸ਼ ਆਜ਼ਾਦ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣਾ ਹੈ। ਚੋਣ ਪ੍ਰਕਿਰਿਆ ਨੂੰ ਅਮਨ-ਅਮਾਨ ਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਦੀ ਵਚਨਬੱਧਤਾ ਦਹੁਰਾਉਂਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਚੋਣਾਂ ਨੂੰ ਸ਼ਾਂਤੀਪੂਰਵਕ, ਨਿਰਪੱਖ ਤੇ ਸੁਚੱਜੇ ਢੰਗ ਨਾਲ ਕਰਵਾਉਣ 'ਚ ਕੋਈ ਕਸਰ ਨਹੀਂ ਛੱਡੀ ਜਾ ਰਹੀ।