ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਦੇਸ਼ ਵਿਚ ਕੋਵਿਡ-19 ਮਹਾਂਮਾਰੀ ਦੇ ਕਾਰਨ ਉਪਜੇ ਹਾਲਾਤ ਦੀ ਵਿਆਪਕ ਤੌਰ ’ਤੇ ਸਮੀਖਿਆ ਕੀਤੀ। ਉਨ੍ਹਾਂ 12 ਰਾਜਾਂ ਵਿਚ 1 ਲੱਖ ਤੋਂ ਵੱਧ ਐਕਟਿਵ ਮਾਮਲਿਆਂ ਬਾਰੇ ਵਿਸਤਾਰ ਵਿਚ ਜਾਣਕਾਰੀ ਲਈ। ਇਸ ਦੇ ਇਲਾਵਾ ਰਾਜਾਂ ਦੇ ਜਿਹੜੇ ਜ਼ਿਲਿ੍ਹਆਂ ਵਿਚ ਲਾਗ ਦੇ ਕਾਰਨ ਜ਼ਿਆਦਾ ਮੌਤਾਂ ਹੋ ਰਹੀਆਂ ੲਨ, ਉਨ੍ਹਾਂ ਬਾਬਤ ਵੀ ਜਾਣੂੰ ਕਰਾਇਆ ਗਿਆ। ਪ੍ਰਧਾਨ ਮੰਤਰੀ ਨੇ ਨਿਰਦੇਸ਼ ਦਿਤਾ ਕਿ ਇਨ੍ਹਾਂ ਰਾਜਾਂ ਨੂੰ ਮਦਦ ਦੇ ਨਾਲ ਸਿਹਤ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਦਿਸ਼ਾ-ਨਿਰਦੇਸ਼ ਵੀ ਦਿਤੇ ਜਾਣ। ਪ੍ਰਧਾਨ ਮੰਤਰੀ ਨੇ ਰਾਜਾਂ ਦੁਆਰਾ ਸਿਹਤ ਸਹੂਲਤਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਕੀਤੇ ਜਾ ਰਹੇ ਕੰਮਾਂ ਦਾ ਵੇਰਵਾ ਵੀ ਲਿਆ। ਉਨ੍ਹਾਂ ਪ੍ਰਭਾਵਤ ਰਾਜਾਂ ਵਿਚ ਵੱਧ ਤੋਂ ਵੱਧ ਟੀਕਾਕਰਨ ’ਤੇ ਜ਼ੋਰ ਦਿਤਾ। ਉਨ੍ਹਾਂ ਕਿਹਾ ਕਿ ਟੀਕਾਕਰਨ ਦੀ ਰਫ਼ਤਾਰ ਮੱਠੀ ਨਹੀਂ ਪੈਣੀ ਚਾਹੀਦੀ। ਲੋਕਾਂ ਨੂੰ ਲਾਕਡਾਊਨ ਦੇ ਬਾਵਜੂਦ ਟੀਕਾਕਰਨ ਦੀ ਸਹੂਲਤ ਦਿਤੀ ਜਾਣੀ ਚਾਹੀਦੀ ਹੈ। ਜਿਹੜੇ ਹੈਲਥਕੇਅਰ ਵਰਕਰ ਟੀਕਾਕਰਨ ਕਰ ਰਹੇ ਹਨ, ਉਨ੍ਹਾਂ ਨੂੰ ਡਿਊਟੀ ਵਿਚ ਨਾ ਲਾਇਟਾ ਜਾਵੇ। ਪ੍ਰਧਾਨ ਮੰਤਰੀ ਨੂੰ ਦਸਿਆ ਕਿ 45 ਸਾਲ ਤੋਂ ਉਪਰਲੀ ਕਰੀਬ 31 ਫ਼ੀਸਦੀ ਜਨਸੰਖਿਆ ਨੂੰ ਹੁਣ ਤਕ ਵੈਕਸੀਨ ਦੀ ਖ਼ੁਰਾਕ ਮਿਲ ਚੁੱਕੀ ਹੈ।