ਮਹਾਰਾਸ਼ਟਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਸ਼ਟਰ ਵਿੱਚ ਵਿਧਾਨ ਸਭਾ ਚੋਣਾਂ ਲਈ ਰੈਲੀ ਨੂੰ ਸੰਬੋਧਨ ਕਰਦਿਆਂ ਨਾਅਰਾ ਦਿੱਤਾ ਕਿ ਜੇ ਅਸੀਂ ਇਕੱਠੇ ਹਾਂ ਤਾਂ ਸੁਰੱਖਿਅਤ ਹਾਂ। ਇਸ ਮੌਕੇ ਪ੍ਰਧਾਨ ਮੰਤਰੀ ਨੇ ਕਾਂਗਰਸ ਪਾਰਟੀ ’ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਕਾਂਗਰਸ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਧਾਰਾ 370 ਨੂੰ ਵਾਪਸ ਲੈਣ ਦੀ ਮੰਗ ਕਰ ਰਹੀਆਂ ਹਨ। ਉਹਨਾਂ ਹਿਮਾਚਲ ਪ੍ਰਦੇਸ਼, ਤੇਲੰਗਾਨਾ ਅਤੇ ਕਰਨਾਟਕ ਦੀਆਂ ਸਰਕਾਰਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਿਸ ਰਾਜ ਵਿੱਚ ਕਾਂਗਰਸ ਦੀਆਂ ਸਰਕਾਰਾਂ ਬਣਦੀਆਂ ਹਨ ਉਹ ਰਾਜ ਸ਼ਾਹੀ ਪਰਿਵਾਰ ਲਈ ਏਟੀਐਮ ਬਣ ਜਾਂਦਾ ਹੈ। ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਾਂਗਰਸ ਜਾਣਦੀ ਹੈ ਕਿ ਜਿਨਾਂ ਦੇਸ਼ ਕਮਜ਼ੋਰ ਹੋਵੇਗਾ ਕਾਂਗਰਸ ਉਨੀ ਮਜਬੂਤ ਹੋਵੇਗੀ। ਉਹਨਾਂ ਕਿਹਾ ਕਿ ਇਸ ਲਈ ਅਲੱਗ ਅਲੱਗ ਜਾਤੀਆਂ ਨੂੰ ਲੜਾਣਾ ਕਾਂਗਰਸ ਦੀ ਫਿਤਰਤ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਦਾ ਦਿਨ ਇੱਕ ਇਤਿਹਾਸਿਕ ਦਿਨ ਹੈ। ਉਹਨਾਂ ਯਾਦ ਕਰਵਾਇਆ ਕਿ ਅੱਜ ਦੇ ਹੀ ਦਿਨ 2019 ਵਿੱਚ ਸੁਪਰੀਮ ਕੋਰਟ ਨੇ ਰਾਮ ਮੰਦਰ ਦੇ ਹੱਕ ਵਿੱਚ ਫੈਸਲਾ ਸੁਣਾਇਆ ਸੀ। ਉਹਨਾਂ ਨੇ ਜੈ ਸ਼੍ਰੀ ਰਾਮ ਦਾ ਨਾਅਰਾ ਵੀ ਲਗਾਇਆ।
ਨਰਿੰਦਰ ਮੋਦੀ ਨੇ ਕਿਹਾ ਕਿ ਕਾਂਗਰਸ ਸਿਰਫ ਜਾਤਾਂ ਵਿੱਚ ਹੀ ਨਹੀਂ ਵੰਡਦੀ ਸਗੋਂ ਜਿੱਥੇ ਕਾਂਗਰਸ ਦੀ ਸਰਕਾਰ ਬਣ ਜਾਂਦੀ ਹੈ ਉਸ ਰਾਜ ਵਿੱਚ ਵਸੂਲੀ ਦੁਗਣੀ ਹੋ ਜਾਂਦੀ ਹੈ। ਉਹਨਾਂ ਦੋਸ਼ ਲਾਇਆ ਕਿ ਕਾਂਗਰਸ ਨੇ ਕਰਨਾਟਕ ’ਚ ਸ਼ਰਾਬ ਦੇ ਦੁਕਾਨਦਾਰਾਂ ਤੋਂ 700 ਕਰੋੜ ਰੁਪਏ ਬਰਾਮਦ ਕੀਤੇ ਹਨ। ਉਹਨਾਂ ਲੋਕਾਂ ਨੂੰ ਕਿਹਾ ਕਿ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਚੋਣਾਂ ਤੋਂ ਬਾਅਦ ਵਸੂਲੀ ਕਿਸ ਪੱਧਰ ’ਤੇ ਪਹੁੰਚ ਜਾਵੇਗੀ।
ਉਹਨਾਂ ਨੇ ਜੰਮੂ ਕਸ਼ਮੀਰ ਵਿਧਾਨ ਸਭਾ ਵਿੱਚ ਧਾਰਾ 370 ਨੂੰ ਵਾਪਸ ਲੈਣ ਸਬੰਧੀ ਬੋਲਦਿਆਂ ਕਿਹਾ ਕਿ ਭਾਰਤ ਵਿਰੋਧੀ ਤਾਕਤਾਂ ਧਾਰਾ 370 ਦਾ ਸਮਰਥਨ ਕਰਦੀਆਂ ਹਨ ਅਤੇ ਕਾਂਗਰਸ ਵੀ ਉਹੀ ਬੋਲੀ ਬੋਲਦੀ ਹੈ। ਮੋਦੀ ਨੇ ਕਿਹਾ ਕਿ ਜੇਕਰ ਜੰਮੂ ਕਸ਼ਮੀਰ ਵਿੱਚ ਧਾਰਾ 370 ਲਾਗੂ ਹੋ ਜਾਂਦੀ ਹੈ ਤਾਂ ਉੱਥੇ ਹਿੰਸਾ ਹੋਰ ਵੱਧ ਜਾਵੇਗੀ। ਉਹਨਾਂ ਕਿਹਾ ਕਿ ਭਾਰਤ ਵਿਰੋਧੀ ਤਾਕਤਾਂ ਜੰਮੂ ਕਸ਼ਮੀਰ ਵਿੱਚੋਂ ਅੰਬੇਦਕਰ ਦੇ ਕਾਨੂੰਨ ਨੂੰ ਬਾਹਰ ਕੱਢਣਾ ਚਾਹੁੰਦੀਆਂ ਹਨ। ਉਹਨਾਂ ਕਿਹਾ ਕਿ ਕਾਂਗਰਸ ਇੱਕ ਪਾਸੇ ਤਾਂ ਧਾਰਾ 370 ਦੀ ਬਹਾਲੀ ਦਾ ਸਮਰਥਨ ਕਰਦੀ ਹੈ ਅਤੇ ਦੂਜੇ ਪਾਸੇ ਮਹਾਰਾਸ਼ਟਰ ਵਿੱਚ ਆ ਕੇ ਸੰਵਿਧਾਨ ਦੀ ਖਾਲੀ ਵਰਕਿਆਂ ਵਾਲੀ ਕਿਤਾਬ ਦਿਖਾਕੇ ਦੇਸ਼ ਭਗਤੀ ਦਾ ਸਬੂਤ ਦਿੰਦੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਚਾਹੁੰਦੀ ਹੈ ਕਿ ਐਸਸੀ ਵਰਗ ਵੱਖ-ਵੱਖ ਹਿੱਸਿਆਂ ਵਿੱਚ ਵੰਡਿਆ ਰਹੇ ਕਿਉਂਕਿ ਕਾਂਗਰਸ ਜਾਣਦੀ ਹੈ ਕਿ ਜੇਕਰ ਐਸੀ ਸਮਾਜ ਵੱਖ-ਵੱਖ ਜਾਤੀਆਂ ਵਿੱਚ ਰਹੇਗਾ ਤਾਂ ਕਾਂਗਰਸ ਦੀ ਸਰਕਾਰ ਬਣੇਗੀ। ਮੋਦੀ ਨੇ ਕਿਹਾ ਕਿ ਓਬੀਸੀ ਵਰਗ ਦਾ ਨਾਮ ਸੁਣਦਿਆਂ ਹੀ ਕਾਂਗਰਸ ਨੂੰ ਖਿਜ ਚੜ ਜਾਂਦੀ ਹੈ।