ਪੋਲਿੰਗ ਬੂਥਾਂ ਅੰਦਰ ਨਹੀਂ ਲਿਜਾਏ ਜਾ ਸਕਦੇ ਮੋਬਾਇਲ ਫੋਨ
ਜ਼ਿਲ੍ਹਾ ਚੋਣ ਅਫਸਰ ਪਰਨੀਤ ਸ਼ੇਰਗਿੱਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਤੇ ਬਜੁਰਗ ਵੋਟਰਾਂ ਨੂੰ ਸੱਦਾ ਪੱਤਰ ਦੇ ਵੋਟ ਪਾਉਣ ਦੀ ਕੀਤੀ ਅਪੀਲ
ਫ਼ਤਹਿਗੜ੍ਹ ਸਾਹਿਬ : ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪਹਿਲੀ ਵਾਰ ਵੋਟ ਪਾਉਣ ਵਾਲੇ 18-19 ਸਾਲ ਦੇ ਨੌਜਵਾਨ ਵੋਟਰਾਂ ਅਤੇ ਬਜੁਰਗ ਵੋਟਰਾਂ ਨੂੰ ਸੱਦਾ ਪੱਤਰ ਦੇ ਕੇ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਇਸ ਮੌਕੇ ਵੋਟਰਾਂ ਤੋਂ ਆਪਣੀ ਵੋਟ ਦਾ ਜਰੂਰ ਇਸਤੇਮਾਲ ਕਰਨ ਲਈ " ਵੋਟਰ ਪ੍ਰਣ " ਤੇ ਦਸਤਖਤ ਵੀ ਕਰਵਾਏ।
ਇਸ ਮੌਕੇ ਗੱਲਬਾਤ ਕਰਦਿਆਂ ਜ਼ਿਲ੍ਹਾ ਚੋਣ ਅਫਸਰ ਨੇ ਕਿਹਾ ਕਿ ਸਾਡਾ ਦੇਸ਼ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰਿਕ ਪ੍ਰਣਾਲੀ ਵਾਲਾ ਦੇਸ਼ ਹੈ ਅਤੇ ਇਸ ਵਿੱਚ ਚੋਣਾ ਦਾ ਬਹੁਤ ਅਹਿਮ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਰਚੇਤਾ ਡਾ: ਭੀਮ ਰਾਓ ਅੰਬੇਦਕਰ ਜੀ ਵੱਲੋਂ ਲਿਖੇ ਆਜ਼ਾਦ ਦੇਸ਼ ਦੇ ਆਪਣੇ ਸੰਵਿਧਾਨ ਅੰਦਰ 18 ਸਾਲ ਤੋਂ ਵੱਧ ਉਮਰ ਦੇ ਹਰੇਕ ਨਾਗਰਿਕ ਨੂੰ ਵੋਟ ਪਾਉਣ ਦਾ ਹੱਕ ਦਿੱਤਾ ਗਿਆ ਹੈ ਅਤੇ ਵੋਟ ਦਾ ਅਧਿਕਾਰ ਨਾਗਰਿਕਾਂ ਨੂੰ ਇੱਕ ਅਜਿਹੀ ਤਾਕਤ ਪ੍ਰਦਾਨ ਕਰਦਾ ਹੈ ਜਿਸ ਨਾਲ ਵੋਟਰ ਆਪਣੀ ਮਰਜ਼ੀ ਅਨੁਸਾਰ ਵੋਟਾਂ ਪਾ ਕੇ ਸਰਕਾਰ ਬਣਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਵੋਟ ਦਾ ਇਸਤੇਮਾਲ ਜਰੂਰ ਕਰਨਾ ਚਾਹੀਦਾ ਹੈ ਤਾਂ ਜੋ ਸਾਡੀ ਲੋਕਤੰਤਰਿਕ ਪ੍ਰਣਾਲੀ ਨੂੰ ਹੋਰ ਮਜਬੂਤ ਕੀਤਾ ਜਾ ਸਕੇ।
ਪਹਿਲੀ ਵਾਰ ਵੋਟ ਦਾ ਇਸਤੇਮਾਲ ਕਰਨ ਵਾਲੇ ਨੌਜਵਾਨ ਵੋਟਰਾਂ ਨੂੰ ਪ੍ਰੇਰਿਤ ਕਰਦਿਆਂ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਕਿਹਾ ਕਿ ਨੌਜਵਾਨਾਂ ਦੇ ਹੱਥ ਦੇਸ਼ ਦਾ ਭਵਿੱਖ ਹੁੰਦਾ ਹੈ ਅਤੇ ਦੇਸ਼ ਦੇ ਭਵਿੱਖ ਨੂੰ ਹੋਰ ਉਜਵਲ ਬਣਾਉਣ ਵਾਸਤੇ ਇਹ ਜਰੂਰੀ ਹੈ ਕਿ ਨੌਜਵਾਨ 01 ਜੂਨ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ। ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਵੋਟ ਪਾਉਣ ਤੋਂ ਕਦੇ ਵੀ ਅਵੇਸਲੇ ਨਹੀਂ ਹੋਣਾ ਚਾਹੀਦਾ ਕਿਉਂਕਿ ਵੋਟਾਂ ਪਾਉਣਾ ਜਿਥੇ ਸਾਡਾ ਸੰਵਿਧਾਨਕ ਹੱਕ ਹੈ ਉਥੇ ਹੀ ਸਮਾਜ ਪ੍ਰਤੀ ਜਿੰਮੇਵਾਰੀ ਵੀ ਬਣਦੀ ਹੈ। ਇਸ ਲਈ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਸਮਾਜਿਕ ਜਿੰਮੇਵਾਰੀ ਨੂੰ ਅਦਾ ਕਰਨ ਵਿੱਚ ਕਿਸੇ ਕਿਸਮ ਦੀ ਢਿੱਲ ਨਾ ਵਿਖਾਉਣ।
ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਸੂਬੇ ਵਿੱਚ ਪੈ ਰਹੀ ਅਤਿ ਦੀ ਗਰਮੀ ਨੂੰ ਵੇਖਦੇ ਹੋਏ ਪੋਲਿੰਗ ਸਟੇਸ਼ਨਾਂ ਤੇ ਢੁਕਵੇਂ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਵੋਟਰਾਂ ਨੂੰ ਹੀਟ ਵੇਬ ਤੋਂ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਪੋਲਿੰਗ ਸਟੇਸ਼ਨਾਂ ਤੇ ਵੋਟਰਾਂ ਦੇ ਬੈਠਣ ਲਈ ਵੇਟਿੰਗ ਰੂਮ ਬਣਾਏ ਜਾਣਗੇ ਤਾਂ ਜੋ ਵੋਟਰ ਛਾਂਦਾਰ ਕਮਰੇ ਵਿੱਚ ਬੈਠ ਕੇ ਆਪਣੀ ਵੋਟ ਪਾਉਣ ਦੀ ਵਾਰੀ ਦੀ ਉਡੀਕ ਕਰ ਸਕਣ। ਉਨ੍ਹਾਂ ਇਹ ਵੀ ਦੱਸਿਆ ਕਿ ਪੋਲਿੰਗ ਬੂਥਾਂ ਅੰਦਰ ਮੋਬਾਇਲ ਫੋਨ ਲੈ ਕੇ ਜਾਣ ਤੇ ਪਾਬੰਦੀ ਹੋਵੇਗੀ ਇਸ ਲਈ ਵੋਟਰ ਆਪਣੇ ਮੋਬਾਇਲ ਫੋਨ ਪੋਲਿੰਗ ਬੂਥਾਂ ਅੰਦਰ ਨਾ ਲੈ ਕੇ ਜਾਣ। ਉਨ੍ਹਾਂ ਦੱਸਿਆ ਕਿ ਵੋਟਰਾਂ ਦੀ ਸਹੂਲਤ ਲਈ ਪੋਲਿੰਗ ਸਟੇਸ਼ਨਾਂ ਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਵੀ ਲਗਾਈਆਂ ਜਾਣਗੀਆਂ ਅਤੇ ਹੀਟ ਵੇਬ ਤੋਂ ਵੋਟਰਾਂ ਨੂੰ ਬਚਾਉਣ ਲਈ ਪੋਲਿੰਗ ਲੋਕੇਸ਼ਨਾਂ ਤੇ ਆਸ਼ਾ ਵਰਕਰਾਂ ਨੂੰ ਲੋੜੀਂਦੀਆਂ ਦਵਾਈਆਂ ਤੇ ਓ.ਆਰ.ਐਸ. ਦੇ ਪੈਕਟਾਂ ਸਮੇਤ ਤਾਇਨਾਤ ਕੀਤਾ ਜਾਵੇਗਾ।
ਉਨ੍ਹਾਂ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਤਿ ਦੀ ਗਰਮੀ ਨੂੰ ਵੇਖਦੇ ਹੋਏ ਛੋਟੇ ਬੱਚਿਆਂ ਨੂੰ ਪੋਲਿੰਗ ਬੂਥਾਂ ਤੇ ਨਾ ਲੈ ਕੇ ਜਾਓ ਤਾਂ ਜੋ ਬੱਚਿਆਂ ਨੂੰ ਹੀਟ ਵੇਬ ਤੋਂ ਬਚਾਇਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਵੋਟਰ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੀ ਗਈ " ਵੋਟਰ ਕਤਾਰ ਸੂਚਨਾ " ਐਪ ਰਾਹੀਂ ਆਪਣੇ ਪੋਲਿੰਗ ਬੂਥਾਂ ਤੇ ਲੱਗੀਆਂ ਲਾਇਨਾਂ ਬਾਰੇ ਵੀ ਜਾਣਕਾਰੀ ਹਾਸਲ ਕਰ ਸਕਦੇ ਹਨ ਤਾਂ ਜੋ ਜਿਆਦਾ ਦੇਰ ਪੋਲਿੰਗ ਬੂਥਾਂ ਤੇ ਨਾ ਰੁਕਣਾ ਪਵੇ। ਉਨ੍ਹਾਂ ਜ਼ਿਲ੍ਹੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ 01 ਜੂਨ ਨੂੰ ਸਵੇਰੇ 07:00 ਵਜੇ ਤੋਂ ਸ਼ਾਮ 06:00 ਵਜੇ ਤੱਕ ਵੋਟਾਂ ਪਾਉਣ ਲਈ ਜਰੂਰ ਘਰੋਂ ਬਾਹਰ ਨਿਕਲਣ।