ਆਖਰੀ 48 ਘੰਟਿਆਂ ਦੌਰਾਨ ਸਬੰਧਤ ਹਲਕੇ ਤੋਂ ਬਾਹਰ ਤੋਂ ਚੋਣ ਪ੍ਰਚਾਰ ਲਈ ਆਏ ਸਮਰੱਥਕਾਂ ਨੂੰ ਵੀ ਵਾਪਿਸ ਜਾਣਾ ਹੋਵੇਗਾ
ਫ਼ਤਹਿਗੜ੍ਹ ਸਾਹਿਬ : ਲੋਕ ਸਭਾ ਚੋਣਾਂ ਸਬੰਧੀ ਚੋਣ ਪਰਚਾਰ ਦੀ ਮਿਆਦ ਸਮਾਪਤ ਹੋਣ ਵਾਲੀ ਹੈ ਤੇ ਇਸੇ ਦੇ ਮੱਦੇਨਜ਼ਰ ਫਲਾਇੰਗ ਸਕੁਐਡ ਤੇ ਸਟੈਟਿਕ ਸਰਵਿਲਾਂਸ ਟੀਮਾਂ ਵੱਲੋਂ ਚੌਕਸੀ ਹੋਰ ਵਧਾ ਦਿੱਤੀ ਗਈ ਹੈ। ਇਸ ਦੇ ਮੱਦੇਨਜ਼ਰ ਜੇਕਰ ਕੋਈ 50 ਹਜ਼ਾਰ ਤੋਂ ਵੱਧ ਨਕਦੀ ਲੈ ਕੇ ਚੱਲਦਾ ਹੈ ਤਾਂ ਉਸ ਲਈ ਨਕਦੀ ਸਬੰਧੀ ਕਾਗਜ਼ਾਤ ਰੱਖਣੇ ਲਾਜ਼ਮੀ ਹਨ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਪਰਨੀਤ ਸ਼ੇਰਗਿੱਲ, ਆਈ.ਏ.ਐਸ., ਨੇ ਦੱਸਿਆ ਕਿ ਜੇਕਰ ਕੋਈ ਕਿਸੇ ਡਰ ਜਾਂ ਲਾਲਚ ਨਾਲ ਵੋਟਰਾਂ ਨੂੰ ਪ੍ਰਭਾਵਿਤ ਕਰਦਾ ਹੈ ਤਾਂ ਇਹ ਕੇਵਲ ਚੋਣਾਂ ਸਬੰਧੀ ਅਪਰਾਧ ਨਹੀਂ ਹੈ ਸਗੋਂ ਇੰਡੀਅਨ ਪੈਨਲ ਕੋਡ ਤਹਿਤ ਵੀ ਕਰਵਾਈ ਹੋ ਸਕਦੀ ਹੈ। ਕੋਈ ਵੀ ਵਿਅਕਤੀ ਅਜਿਹੀ ਕਾਰਵਾਈ ਵਿੱਚ ਸ਼ਾਮਲ ਨਾ ਹੋਵੇ ਅਤੇ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਦੀ ਫੌਰੀ ਸ਼ਿਕਾਇਤ ਕੀਤੀ ਜਾਵੇ। ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 30 ਮਈ 2024 ਸ਼ਾਮ 05:00 ਵਜੇ ਤੋਂ ਬਾਅਦ ਸਿਆਸੀ ਪਾਰਟੀਆਂ ਜਾਂ ਉਮੀਦਵਾਰ ਆਪਣੇ ਚੋਣ ਪ੍ਰਚਾਰ ਲਈ ਕੋਈ ਵੀ ਜਨਤਕ ਰੈਲੀ, ਸਭਾ ਨਹੀਂ ਕਰ ਸਕਣਗੇ।
ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਆਖਰੀ 48 ਘੰਟਿਆਂ ਦੌਰਾਨ ਲੋਕ ਪ੍ਰਤਿਨਿਧਤਾ ਕਾਨੂੰਨ 1951 ਦੀ ਧਾਰਾ 126 ਅਨੁਸਾਰ ਸਿਆਸੀ ਲਾਹੇ ਲਈ ਕੋਈ ਵੀ ਜਨਤਕ ਚੋਣ ਸਭਾ ਨਹੀਂ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇਲੈਕਟਰਾਨਿਕ ਮੀਡੀਆ ਵਿੱਚ ਅਜਿਹੀ ਚੋਣ ਸਮੱਗਰੀ ਡਿਸਪਲੇਅ ਨਹੀਂ ਕੀਤੀ ਜਾ ਸਕਦੀ ਜਿਸ ਨਾਲ ਕਿਸੇ ਉਮੀਦਵਾਰ ਨੂੰ ਫਾਇਦਾ ਜਾਂ ਨੁਕਸਾਨ ਹੁੰਦਾ ਹੋਵੇ। ਇਸੇ ਤਰਾਂ ਆਖਰੀ 48 ਘੰਟਿਆਂ ਦੌਰਾਨ ਸਬੰਧਤ ਹਲਕੇ ਤੋਂ ਬਾਹਰ ਤੋਂ ਚੋਣ ਪ੍ਰਚਾਰ ਲਈ ਆਏ ਸਮਰੱਥਕਾਂ ਨੂੰ ਵੀ ਵਾਪਿਸ ਜਾਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸਾਰੇ ਬਾਹਰੀ ਲੋਕ ਹਲਕੇ ਤੋਂ ਬਾਹਰ ਚਲੇ ਜਾਣ। ਇਸ ਲਈ ਪੁਲਿਸ ਵਿਭਾਗ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਅਜਿਹੇ ਬਾਹਰੀ ਲੋਕਾਂ ਦੇ ਸੰਭਾਵਿਤ ਠਹਿਰਾਓ ਵਾਲੀ ਥਾਂ 'ਤੇ ਪੂਰੀ ਚੌਕਸੀ ਰੱਖੀ ਜਾਵੇ। 31 ਮਈ ਅਤੇ 1 ਜੂਨ 2024 ਭਾਵ ਚੋਣਾਂ ਵਾਲੇ ਦਿਨ ਅਤੇ ਉਸਤੋਂ ਇਕ ਦਿਨ ਪਹਿਲਾਂ ਪ੍ਰਿੰਟ ਮੀਡੀਆ ਵਿੱਚ ਛੱਪਣ ਵਾਲੇ ਹਰੇਕ ਸਿਆਸੀ ਇਸ਼ਤਿਹਾਰ ਦੀ ਪ੍ਰੀ ਸਰਟੀਫਿਕੇਸ਼ਨ ਐਮ.ਸੀ.ਐਮ.ਸੀ. ਤੋਂ ਕਰਵਾਈ ਜਾਣੀ ਲਾਜ਼ਮੀ ਹੈ। ਉਨ੍ਹਾਂ ਨੇ ਮੀਡੀਆ ਅਦਾਰਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਉਕਤ ਦੋ ਦਿਨਾਂ ਨੂੰ ਛਾਪਣ ਲਈ ਉਹੀ ਸਿਆਸੀ ਇਸ਼ਤਿਹਾਰ ਸਵਿਕਾਰ ਕਰਨ ਜਿਸਦੀ ਪ੍ਰੀ ਸਰਟੀਫਿਕੇਸ਼ਨ ਹੋਈ ਹੋਵੇ।