ਪੋਲਿੰਗ ਸਟੇਸ਼ਨਾਂ ਦੇ ਆਲੇ ਦੁਆਲੇ ਇੱਕਠ ਨਾ ਹੋਣ ਦੇਣ ਦੀ ਦਿੱਤੀ ਹਦਾਇਤ
ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾ ਲਈ ਨਿਯੁਕਤ ਕੀਤੇ ਸਪੈਸ਼ਲ ਜਨਰਲ ਅਬਜ਼ਰਬਰ ਰਾਮ ਮੋਹਨ ਮਿਸ਼ਰਾ ਨੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਫ਼ਤਹਿਗੜ੍ਹ ਸਾਹਿਬ : ਅਗਾਮੀ ਲੋਕ ਸਭਾ ਚੋਣਾਂ ਸਬੰਧੀ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਪੰਜਾਬ ਤੇ ਹਰਿਆਣਾ ਸੂਬਿਆਂ ਲਈ ਨਿਯੁਕਤ ਕੀਤੇ ਗਏ ਸਪੈਸ਼ਲ ਜਨਰਲ ਅਬਜ਼ਰਬਰ ਸੇਵਾ ਮੁਕਤ ਆਈ.ਏ.ਐਸ. ਸ਼੍ਰੀ ਰਾਮ ਮੋਹਨ ਮਿਸ਼ਰਾ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲੋਕ ਸਭਾ ਹਲਕਾ 08-ਫ਼ਤਹਿਗੜ੍ਹ ਸਾਹਿਬ ਦੇ ਜਨਰਲ ਚੋਣ ਅਬਜ਼ਰਵਰ ਆਈ.ਏ.ਐਸ. ਅਧਿਕਾਰੀ ਰਕੇਸ਼ ਸ਼ੰਕਰ, ਪੁਲਿਸ ਅਬਜਰਵਰ ਸੰਦੀਪ ਗਜਾਨਨ ਦੀਵਾਨ ਆਈ.ਪੀ.ਐਸ., ਚੋਣ ਖਰਚਾ ਅਬਜ਼ਰਵਰ ਆਨੰਦ ਕੁਮਾਰ ਆਈ.ਆਰ.ਐਸ., ਜ਼ਿਲ੍ਹਾ ਚੋਣ ਅਫਸਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ, ਜ਼ਿਲ੍ਹਾ ਪੁਲਿਸ ਮੁਖੀ ਡਾ: ਰਵਜੋਤ ਗਰੇਵਾਲ ਤੇ ਵਧੀਕ ਜ਼ਿਲ੍ਹਾ ਚੋਣ ਅਫਸਰ ਸ਼੍ਰੀਮਤੀ ਈਸ਼ਾ ਸਿੰਗਲ ਦੇ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲੋਕ ਸਭਾ ਹਲਕੇ ਅੰਦਰ ਪੈਂਦੇ 09 ਵਿਧਾਨ ਸਭਾ ਹਲਕਿਆਂ ਦੇ ਜ਼ਿਲ੍ਹਾ ਪੁਲਿਸ ਮੁਖੀਆਂ ਤੇ ਸਹਾਇਕ ਰੀਟਰਨਿੰਗ ਅਫਸਰਾਂ ਤੇ ਹੋਰ ਅਧਿਕਾਰੀਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ। ਇਸ ਮੌਕੇ ਵਿਸ਼ੇਸ਼ ਖਰਚਾ ਆਬਜ਼ਰਬਰ ਸ਼੍ਰੀ ਬੀ ਆਰ ਬਾਲਾਕ੍ਰਿਸ਼ਨਨ ਸਾਬਕਾ ਆਈ ਆਰ ਐੱਸ ਅਧਿਕਾਰੀ ਵੀ ਮੌਜੂਦ ਸਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੀ ਮਿਸ਼ਰਾ ਨੇ ਕਿਹਾ ਕਿ ਚੋਣਾ ਸਾਡੇ ਦੇਸ਼ ਦਾ ਸਭ ਤੋਂ ਅਹਿਮ ਮੌਕਾ ਹਨ ਅਤੇ ਸਾਨੂੰ ਆਪਣੀ ਡਿਊਟੀ ਇਹ ਸਮਝ ਕੇ ਨਿਭਾਉਣੀ ਚਾਹੀਦੀ ਹੈ ਕਿ ਅਸੀਂ ਪਾਰਦਰਸ਼ੀ, ਨਿਰਪੱਖ ਤੇ ਅਮਨ ਸ਼ਾਂਤੀ ਨਾਲ ਚੋਣ ਪ੍ਰਕ੍ਰਿਆ ਮੁਕੰਮਲ ਕਰਵਾ ਕੇ ਦੇਸ਼ ਪ੍ਰਤੀ ਆਪਣੀ ਜਿੰਮੇਵਾਰੀ ਅਦਾ ਕਰ ਰਹੇ ਹਾਂ। ਉਨ੍ਹਾਂ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਕਿ ਚੋਣ ਪ੍ਰਕ੍ਰਿਆ ਸ਼ਾਂਤਮਈ ਢੰਗ ਨਾਲ ਨੇਪਰੇ ਚਾੜਨ ਲਈ ਪੂਰੀ ਇਮਾਨਦਾਰੀ ਨਾਲ ਆਪਣੇ ਫਰਜ਼ਾਂ ਦੀ ਪੂਰਤੀ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਚੋਣ ਡਿਊਟੀ ਇਹ ਸਮਝ ਕੇ ਨਿਭਾਉਣਾ ਚਾਹੀਦਾ ਹੈ ਕਿ ਜਿਸ ਤਰ੍ਹਾਂ ਦਾ ਮਾਹੌਲ ਅਸੀਂ ਆਪਣੇ ਬੱਚਿਆਂ ਲਈ ਸੋਚਦੇ ਹਾਂ ਉਹੀ ਮਾਹੌਲ ਆਮ ਲੋਕਾਂ ਨੂੰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਕੋਈ ਨਾਗਰਿਕ ਅਜਿਹਾ ਨਹੀਂ ਸੋਚੇਗਾ ਕਿ ਇੱਕ ਅਜਿਹਾ ਸਮਾਜ ਬੱਚਿਆਂ ਨੂੰ ਮਿਲੇ ਜਿਸ ਅੰਦਰ ਕਾਨੂੰਨ ਵਿਵਸਥਾ ਨਾਲ ਖਿਲਵਾੜ ਕੀਤਾ ਜਾਂਦਾ ਹੋਵੇ। ਉਨ੍ਹਾਂ ਕਿਹਾ ਕਿ ਅੱਜ ਜਿਸ ਭਾਵਨਾਂ ਨਾਲ ਅਧਿਕਾਰੀ ਆਪਣੇ ਫਰਜ਼ਾਂ ਦੀ ਪੂਰਤੀ ਕਰਨਗੇ ਉਹ ਸਮਾਜ ਦੇ ਸੁਨਿਹਰੇ ਭਵਿੱਖ ਦਾ ਨਿਰਮਾਣ ਕਰੇਗਾ। ਸ਼੍ਰੀ ਮਿਸ਼ਰਾ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਹਲਕੇ ਅੰਦਰ ਪੈਂਦੇ ਸ਼ਰਾਬ ਦੇ ਠੇਕਿਆਂ ਦੀ ਰੋਜ਼ਾਨਾਂ ਦੀ ਵਿਕਰੀ ਤੇ ਤਿੱਖੀ ਨਜ਼ਰ ਰੱਖੀ ਜਾਵੇ ਤਾਂ ਜੋ ਕੋਈ ਵੀ ਸਿਆਸੀ ਪਾਰਟੀ ਜਾਂ ਉਮੀਦਵਾਰ ਵੋਟਰਾਂ ਨੂੰ ਪ੍ਰਭਾਵਤ ਕਰਨ ਵਾਸਤੇ ਸ਼ਰਾਬ ਦੀ ਵਰਤੋਂ ਨਾ ਕਰ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਈ.ਵੀ.ਐਮਜ਼ ਮਸ਼ੀਨਾਂ ਲੈ ਕੇ ਜਾਣ ਵਾਲੇ ਵਾਹਨਾਂ ਦੇ ਅੱਗੇ ਤੇ ਪਿੱਛੇ ਸੀ.ਸੀ.ਟੀ.ਵੀ. ਕੈਮਰੇ ਜਰੂਰ ਲਗਾਏ ਜਾਣ ਅਤੇ ਇਹ ਵਾਹਨ ਮਸ਼ੀਨਾਂ ਨੂੰ ਰੱਖਣ ਵਾਲੇ ਸਟਰਾਂਗ ਰੂਮ ਤੋਂ ਬਿਨਾਂ ਕਿਸੇ ਹੋਰ ਥਾਂ ਤੇ ਖੜੀਆ ਨਾ ਕੀਤੀਆਂ ਜਾਣ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੁੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ।
ਸਪੈਸ਼ਲ ਜਨਰਲ ਅਬਜ਼ਰਬਰ ਨੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਚੋਣ ਕਮਿਸ਼ਨ ਪੋਲਿੰਗ ਸਟੇਸ਼ਨਾਂ ਅੰਦਰ ਮੋਬਾਇਲ ਫੋਨ ਲੈ ਕੇ ਜਾਣ ਦੀ ਲਗਾਈ ਗਈ ਪਾਬੰਦੀ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ ਅਤੇ ਪੋਲਿੰਗ ਸਟੇਸ਼ਨਾਂ ਦੇ ਆਲੇ ਦੁਆਲੇ ਇਕੱਠ ਨਾ ਹੋਣ ਦਿੱਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਉੜਨ ਦਸਤਿਆਂ ਤੇ ਨਿਗਰਾਨ ਟੀਮਾਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ ਆਉਣ ਵਾਲੇ ਦਿਨਾਂ ਵਿੱਚ ਨਾਕਿਆਂ ਤੇ ਵਧੇਰੇ ਚੌਕਸੀ ਵਰਤੀ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਬਜ਼ੁਰਗ ਤੇ ਦਿਵਿਆਂਗ ਵੋਟਰਾਂ ਦੀ ਸਹੂਲਤ ਲਈ ਪੋਲਿੰਗ ਸਟੇਸ਼ਨਾਂ ਤੇ ਵੀਲ੍ਹ ਚੇਅਰ ਰੱਖਣੀਆਂ ਵੀ ਯਕੀਨੀ ਬਣਾਈਆਂ ਜਾਣ ਅਤੇ ਵੋਟਾਂ ਪਾਉਣ ਆਉਣ ਵਾਲੇ ਬਜੁਰਗਾਂ ਨੂੰ ਅਦਬ ਸਤਿਕਾਰ ਨਾਲ ਪੋਲਿੰਗ ਸਟੇਸ਼ਨਾਂ ਤੱਕ ਲਿਜਾਇਆ ਜਾਵੇ। ਉਨ੍ਹਾਂ ਇਸ ਮੌਕੇ ਸ਼੍ਰੀ ਮਿਸ਼ਰਾ ਨੇ ਲੁਧਿਆਣਾ, ਮਾਲੇਰਕੋਟਲਾ ਤੇ ਖੰਨਾਂ ਦੇ ਪੁਲਿਸ ਅਧਿਕਾਰੀਆਂ ਨਾਲ ਵੀਡੀਓ ਕਾਨਫਰਸਿੰਗ ਰਾਹੀਂ ਗੱਲਬਾਤ ਵੀ ਕੀਤੀ।