ਇਲੈਕਸ਼ਨਸ ਪਟਿਆਲਾ ਪੋਰਟਲ 'ਤੇ ਜ਼ਿਲ੍ਹੇ ਦੇ ਹਰ ਬੂਥ ਦੀ ਮਿਲੇਗੀ ਮੁਕੰਮਲ ਜਾਣਕਾਰੀ-ਸ਼ੌਕਤ ਅਹਿਮਦ ਪਰੇ
ਗਰਮ ਲੂਅ ਕਰਕੇ ਬੂਥ 'ਤੇ ਲੰਬੀ ਕਤਾਰ ਬਾਰੇ ਵੀ ਲਈ ਜਾ ਸਕੇਗੀ ਜਾਣਕਾਰੀ
ਕਿਹਾ, ਡੈਫ਼ ਵੋਟਰ ਹੈਲਪਲਾਈਨ 78144-09500 ਤੇ 78144-23454 'ਤੇ ਡੈਫ਼ ਵੋਟਰ ਲੈ ਸਕਣਗੇ ਵੋਟਾਂ ਬਾਰੇ ਸਹਾਇਤਾ
ਪਟਿਆਲਾ : ਲੋਕ ਸਭਾ ਚੋਣਾਂ-2024 ਦੇ ਸਬੰਧ ਵਿੱਚ ਪਟਿਆਲਾ ਹਲਕੇ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਤਾਇਨਾਤ ਜਨਰਲ ਆਬਜ਼ਰਵਰ ਓਮ ਪ੍ਰਕਾਸ਼ ਬਕੋੜੀਆ ਤੇ ਖ਼ਰਚਾ ਆਬਜ਼ਰਵਰ ਮੀਤੂ ਅਗਰਵਾਲ ਅਤੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਅੱਜ ਜ਼ਿਲ੍ਹੇ ਦੇ ਵੋਟਰਾਂ ਦੀ ਸਹਾਇਤਾ ਲਈ ਇਲੈਕਸ਼ਨਸ ਪਟਿਆਲਾ ਡਾਟ ਕਾਮ ਪੋਰਟਲ ਅਤੇ ਡੈਫ਼ ਵੋਟਰ ਹੈਲਪਲਾਈਨ ਨੰਬਰ 78144-09500 ਤੇ 78144-23454 ਲਾਂਚ ਕੀਤੇ। ਚੋਣ ਆਬਜ਼ਰਵਰਾਂ ਓਮ ਪ੍ਰਕਾਸ਼ ਬਕੋੜੀਆ ਤੇ ਮੀਤੂ ਅਗਰਵਾਲ ਨੇ ਜ਼ਿਲ੍ਹਾ ਪਟਿਆਲਾ ਪ੍ਰਸ਼ਾਸਨ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਉਮੀਦ ਜਤਾਈ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਵੋਟਰਾਂ ਦੀ ਸਹਾਇਤਾ ਲਈ ਲਾਂਚ ਕੀਤਾ ਪੋਰਟਲ ਅਤੇ ਡੈਫ਼ ਵੋਟਰ ਹੈਲਪਲਾਈਨ ਨੰਬਰ, ਵੋਟਰਾਂ ਲਈ ਲਾਭਕਾਰੀ ਸਾਬਤ ਹੋਣਗੇ।
ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਇਸ ਮੌਕੇ ਦੱਸਿਆ ਕਿ ਜੋ ਵਿਅਕਤੀ ਸੁਣ ਤੇ ਬੋਲ ਨਹੀਂ ਸਕਦੇ, ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਦੀ ਹਰੇਕ ਤਰ੍ਹਾਂ ਦੀ ਹਰ ਸੰਭਵ ਸਹਾਇਤਾ ਲਈ ਡੈਫ਼ ਵੋਟਰ ਹੈਲਪਲਾਈਨ ਜਾਰੀ ਕੀਤੀ ਗਈ ਹੈ। ਇਸ ਹੈਲਪਲਾਈਨ ਦੇ ਨੰਬਰਾਂ 'ਤੇ ਅਜਿਹੇ ਵਿਅਕਤੀ ਵੀਡੀਓ ਕਾਲ ਕਰਕੇ ਵੋਟਾਂ ਬਾਰੇ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲੈ ਸਕਦੇ ਹਨ, ਜਿਸ 'ਤੇ ਉਨ੍ਹਾਂ ਨੂੰ ਸੰਕੇਤ ਭਾਸ਼ਾ ਵਿੱਚ ਇੰਟਰਪ੍ਰੇਟਰਾਂ ਵੱਲੋਂ ਸਾਇਨ ਲੈਂਗੂਏਜ ਰਾਹੀਂ ਲੋੜੀਂਦੀ ਸਹਾਇਤਾ ਪ੍ਰਦਾਨ ਕਰਨਗੇ।
ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਇਲੈਕਸ਼ਨਸ ਪਟਿਆਲਾ ਡਾਟ ਕਾਮ
https://electionspatiala.com/ ਪੋਰਟਲ 'ਤੇ ਜਾ ਕੇ ਕੋਈ ਵੀ ਵੋਟਰ ਜਾਂ ਚੋਣ ਡਿਊਟੀ 'ਤੇ ਤਾਇਨਾਤ ਅਮਲਾ ਪੋਲਿੰਗ ਬੂਥ ਬਾਰੇ ਹਰ ਤਰ੍ਹਾਂ ਦੀ ਜਾਣਕਾਰੀ ਲੈ ਸਕੇਗਾ ਕਿਉਂਕਿ ਇਹ ਪੋਰਟਲ ਹਰੇਕ ਅੱਧੇ ਘੰਟੇ ਬਾਅਦ ਅਪਡੇਟ ਕੀਤਾ ਜਾਵੇਗਾ। ਇਸ ਪੋਰਟਲ ਰਾਹੀਂ ਵੋਟਰ ਗਰਮ ਲੂਅ ਦੇ ਮੱਦੇਨਜ਼ਰ ਇਹ ਵੀ ਜਾਣ ਸਕਣਗੇ ਕਿ ਉਨ੍ਹਾਂ ਦੇ ਬੂਥ 'ਤੇ ਕਿੰਨੀ ਭੀੜ ਹੈ ਤੇ ਵੋਟਰਾਂ ਦੀ ਲਾਇਨ ਕਿੰਨੀ ਲੰਬੀ ਲੱਗੀ ਹੋਈ ਹੈ। ਇਸ ਤੋਂ ਇਲਾਵਾ ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਜਾਰੀ ਕੀਤੇ ਗਏ 'ਵੋਟ ਸਮਾਰਟ ਵਟਸਐਪ ਨੰਬਰ 74474-47217' ਉਪਰ ਵੀ ਜਿਸ ਉਪਰ ਵੋਟ ਟਾਈਪ ਕਰਕੇ ਭੇਜਣ 'ਤੇ ਅਜਿਹੀ ਜਾਣਕਾਰੀ ਮਿਲ ਸਕੇਗੀ, ਜੋ ਕਿ ਵੋਟਰਾਂ ਦੀ ਬਹੁਤ ਜਿਆਦਾ ਲਾਭਕਾਰੀ ਹੋਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਪਟਿਆਲਾ ਇਲੈਕਸ਼ਨ ਪੋਰਟਲ ਡੀ.ਡੀ.ਐਫ਼ ਨਿਧੀ ਮਲਹੋਤਰਾ ਦੀ ਦੇਖ-ਰੇਖ ਹੇਠ ਥਾਪਰ ਯੂਨੀਵਰਸਿਟੀ ਦੇ ਕੰਪਿਊਟਰ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਹੁਸ਼ਰਾਜ ਸਿੰਘ, ਓਜਸ ਤੇ ਰੀਆਂਸ ਗਹਿਲੋਤ ਨੇ ਈਜ਼ਾਦ ਕੀਤਾ ਹੈ। ਜਦੋਂਕਿ ਡੀ.ਐਸ.ਐਸ.ਓ. ਦਫ਼ਤਰ ਵਿਖੇ ਸਥਾਪਤ ਕੀਤੀ ਡੈਫ਼ ਵੋਟਰ ਹੈਲਪਲਾਈਨ 'ਤੇ ਇੰਟਰਪ੍ਰੇਟਰ ਰਵਿੰਦਰ ਕੌਰ ਤੇ ਅਰਸ਼ਦੀਪ ਕੌਰ ਵੱਲੋਂ ਲੋੜਵੰਦ ਬੋਲਣ ਤੇ ਸੁਣਨ ਤੋਂ ਅਸਮਰਥ ਦਿਵਿਆਂਗਜਨ ਦੀ ਮਦਦ ਕੀਤੀ ਜਾਵੇਗੀ। ਇਸ ਮੌਕੇ ਏ.ਡੀ.ਸੀ. (ਜ) ਕੰਚਨ, ਏ.ਡੀ.ਸੀ. ਦਿਹਾਤੀ ਵਿਕਾਸ ਡਾ. ਹਰਜਿੰਦਰ ਸਿੰਘ ਬੇਦੀ, ਐਸ.ਡੀ.ਐਮ. ਪਾਤੜਾਂ ਰਵਿੰਦਰ ਸਿੰਘ, ਡੀ.ਡੀ.ਐਫ਼. ਨਿਧੀ ਮਲਹੋਤਰਾ, ਚੋਣ ਤਹਿਸੀਲਦਾਰ ਵਿਜੇ ਕੁਮਾਰ ਚੌਧਰੀ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਬੈਂਸ, ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਪ੍ਰੋ. ਸ਼ਵਿੰਦਰ ਰੇਖੀ ਤੇ ਮੋਹਿਤ ਕੌਸ਼ਲ, ਦਿਵਿਆਂਗਜਨ ਆਈਕਨ ਜਗਵਿੰਦਰ ਸਿੰਘ ਤੇ ਪਟਿਆਲਾ ਐਸੋਸੀਏਸ਼ਨ ਆਫ਼ ਡੈਫ਼ ਦੇ ਪ੍ਰਧਾਨ ਜਗਦੀਪ ਸਿੰਘ ਵੀ ਮੌਜੂਦ ਸਨ।