'ਯੂਥ ਚੱਲਿਆ ਬੂਥ' ਵਾਕਾਥੋਨ ਨੂੰ ਏ.ਡੀ.ਸੀ. ਕੰਚਨ ਨੇ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
ਪਟਿਆਲਾ : 'ਯੂਥ ਚੱਲਿਆ ਬੂਥ' ਵਾਕਾਥੋਨ ਮੌਕੇ ਅੱਜ ਵੱਡੀ ਗਿਣਤੀ 'ਚ ਪੁੱਜੇ ਨੌਜਵਾਨਾਂ ਨੇ ਪ੍ਰਣ ਲਿਆ ਕਿ ਉਹ ਜਿੱਥੇ ਖ਼ੁਦ ਲੋਕ ਸਭਾ ਚੋਣਾਂ ਲਈ 1 ਜੂਨ 2024 ਨੂੰ ਵੋਟ ਪਾਉਣਗੇ ਉਥੇ ਹੀ ਹੋਰਨਾਂ ਨੂੰ ਵੱਧ ਚੜ੍ਹਕੇ ਵੋਟ ਪਾਉਣ ਲਈ ਪ੍ਰੇਰਿਤ ਕਰਨਗੇ। ਪਟਿਆਲਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਅੱਜ ਸਵੇਰੇ ਇਸ ਵਾਕਾਥੋਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਮੌਕੇ ਏ.ਡੀ.ਸੀ. (ਜ) ਮੈਡਮ ਕੰਚਨ ਨੇ ਦੱਸਿਆ ਕਿ ਮੁੱਖ ਚੋਣ ਅਫ਼ਸਰ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਜ਼ਿਲ੍ਹਾ ਚੋਣ ਅਫ਼ਸਰ, ਪਟਿਆਲਾ ਸ਼ੌਕਤ ਅਹਿਮਦ ਪਰੇ ਦੀ ਅਗਵਾਈ ਹੇਠ ਸਵੀਪ ਗਤੀਵਿਧੀਆਂ ਤਹਿਤ 'ਯੂਥ ਚੱਲਿਆ ਬੂਥ' ਦੇ ਨਾਮ ਹੇਠ ਇਹ ਵਾਕਾਥੋਨ ਕਰਵਾਈ ਗਈ ਹੈ। ਏ.ਡੀ.ਸੀ. ਮੈਡਮ ਕੰਚਨ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਾਸ਼ਸਨ ਵੱਲੋਂ ਸਵੀਪ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਕੇ ਚੋਣ ਕਮਿਸ਼ਨ ਵੱਲੋਂ ਦਿੱਤੇ ਟੀਚੇ ਇਸ ਵਾਰ 70 ਫ਼ੀਸਦੀ ਤੋਂ ਪਾਰ ਵੋਟਾਂ ਪੁਆਈਆਂ ਜਾ ਸਕਣ। ਏ.ਡੀ.ਸੀ. ਕੰਚਨ ਨੇ ਕਿਹਾ ਕਿ ਇਸ ਵਾਕਾਥੋਨ ਰਾਹੀਂ ਇਹ ਸੁਨੇਹਾ ਦਿੱਤਾ ਹੈ ਗਿਆ ਕਿ ਲੋਕ ਸਭਾ ਲਈ 1 ਜੂਨ ਨੂੰ ਵੋਟਾਂ ਪਾਉਣ ਤੋਂ ਕੋਈ ਵੀ ਯੋਗ ਵੋਟਰ ਵਾਂਝਾ ਨਾ ਰਹੇ ਅਤੇ ਹਰੇਕ ਵੋਟਰ ਆਪਣਾ ਕੁਝ ਸਮਾਂ ਕੱਢਕੇ ਵੋਟਾਂ ਜਰੂਰ ਪਾਉਣ ਲਈ ਬੂਥ ਉਪਰ ਜਾਵੇ।
ਇਸ 'ਯੂਥ ਚੱਲਿਆ ਬੂਥ' ਰੈਲੀ 'ਚ ਪੰਜਾਬੀ ਯੂਨੀਵਰਸਿਟੀ ਦੇ ਐਨ.ਐਸ.ਐਸ. ਵਲੰਟੀਅਰ, ਸਰਕਾਰੀ ਸਕੂਲ ਪੁਰਾਣੀ ਪੁਲਿਸ ਲਾਈਨ, ਸਕੂਲ ਆਫ਼ ਐਮੀਨੈਂਸ ਫੀਲਖਾਨਾ, ਰਿਆਨ ਇੰਟਰਨੈਸ਼ਨਲ ਸਕੂਲ, ਮਾਤਾ ਕੌਸ਼ੱਲਿਆ ਨਰਸਿੰਗ ਕਾਲਜ, ਸਰਕਾਰੀ ਕਾਲਜ ਲੜਕੀਆਂ, ਮਹਿੰਦਰਾ ਕਾਲਜ, ਆਈ.ਟੀ.ਆਈ. ਲੜਕੇ, ਸਰੀਰਕ ਸਿੱਖਿਆ ਕਾਲਜ, ਸਟੇਟ ਕਾਲਜ ਆਫ਼ ਐਜੂਕੇਸ਼ਨ, ਆਯੁਰਵੈਦਿਕ ਮੈਡੀਕਲ ਕਾਲਜ, ਸਰਕਾਰੀ ਪੋਲੀਟੈਕਨਿਕ ਕਾਲਜ ਗਰਲਜ਼ ਆਦਿ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਵੋਟਰ ਜਾਗਰੂਕਤਾ ਰੈਲੀ ਦੌਰਾਨ ਨੌਜਵਾਨਾਂ ਨੇ 'ਮੇਰੀ ਵੋਟ ਮੇਰਾ ਅਧਿਕਾਰ', 'ਹਰ ਮੁੱਦੇ 'ਤੇ ਚੋਟ ਕਰਾਂਗੇ, ਵੋਟ ਕਰਾਂਗੇ, ਵੋਟ ਕਰਾਂਗੇ' ਤੇ 'ਵੋਟ ਪਾਉਣ ਜਾਣਾ ਹੈ, ਆਪਣਾ ਫ਼ਰਜ ਨਿਭਾਉਣਾਂ ਹੈ' ਆਦਿ ਨਾਅਰੇ ਮਾਰਦਿਆਂ ਪੂਰੇ ਜੋਸ਼ ਨਾਲ ਵਾਕਾਥੋਨ 'ਚ ਹਿੱਸਾ ਲੈਂਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਮਲਟੀਪਰਪਜ ਸਮਾਰਟ ਸਕੂਲ, ਪਾਸੀ ਰੋਡ ਵਿਖੇ ਪੋਲਿੰਗ ਬੂਥ ਤੱਕ ਪੈਦਲ ਚੱਲਕੇ ਨੌਜਵਾਨਾਂ ਅਤੇ ਆਮ ਲੋਕਾਂ ਨੂੰ 1 ਜੂਨ ਨੂੰ ਵੱਧ ਚੜ੍ਹਕੇ ਵੋਟਾਂ ਪਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜ਼ਿਲ੍ਹਾ ਸਵੀਪ ਇੰਚਾਰਜ ਪ੍ਰੋ. ਸ਼ਵਿੰਦਰ ਰੇਖੀ ਤੇ ਮੋਹਿਤ ਕੌਸ਼ਲ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਬੈਂਸ, ਡੀ.ਡੀ.ਐਫ. ਨਿਧੀ ਮਲਹੋਤਰਾ, ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਤੇ ਅਧਿਆਪਕ ਮਨੋਜ ਥਾਪਰ, ਸਤਵੀਰ ਸਿੰਘ, ਦਿਸ਼ਾ ਫਾਊਂਡੇਸ਼ਨ ਦੇ ਰਾਜੀਵ ਗਰਗ, ਯੁੱਧਵੀਰ ਸਿੰਘ ਆਦਿ ਸਮੇਤ ਵੱਡੀ ਗਿਣਤੀ ਨੌਜਵਾਨ ਤੇ ਪਟਿਆਲਾ ਵਾਸੀ ਮੌਜੂਦ ਸਨ।