ਸੁਨਾਮ : ਪਹਿਲੀ ਜੂਨ ਨੂੰ ਲੋਕ ਸਭਾ ਹਲਕਾ ਸੰਗਰੂਰ- 12 ਅਧੀਨ ਪੈਂਦੇ ਵਿਧਾਨ ਸਭਾ ਹਲਕਾ -101 ਸੁਨਾਮ ਵਿੱਚ ਪੈਣ ਵਾਲੀਆਂ ਵੋਟਾਂ ਲਈ ਪੋਲਿੰਗ ਪਾਰਟੀਆਂ ਬਿਜਲਈ ਵੋਟਿੰਗ ਮਸ਼ੀਨਾਂ ਤੇ ਹੋਰ ਚੋਣ ਸਮੱਗਰੀ ਲੈਕੇ ਆਈ ਟੀ ਆਈ ਸੁਨਾਮ ਤੋਂ ਬੂਥਾਂ ਵੱਲ ਰਵਾਨਾ ਹੋਈਆਂ। ਸੁਨਾਮ ਦੇ ਐਸਡੀਐਮ --ਕਮ --ਏਆਰਓ ਪ੍ਰਮੋਦ ਸਿੰਗਲਾ ਨੇ ਦੱਸਿਆ ਕਿ ਹਲਕੇ ਦੇ 209 ਬੂਥਾਂ ਲਈ ਚੋਣ ਸਮੱਗਰੀ ਲੈਕੇ ਪੋਲਿੰਗ ਪਾਰਟੀਆਂ ਰਵਾਨਾ ਹੋ ਰਹੀਆਂ ਹਨ। ਹਰ ਇੱਕ ਪੋਲਿੰਗ ਪਾਰਟੀ ਨੂੰ ਪੋਲਿੰਗ ਸਟੇਸ਼ਨਾਂ ਤੱਕ ਲੈਕੇ ਜਾਣ ਅਤੇ ਵੋਟਾਂ ਪੈਣ ਉਪਰੰਤ ਵਾਪਸ ਲੈਕੇ ਆਉਣ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਚੋਣਾਂ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੰਜਾਬ ਪੁਲਿਸ ਦੇ ਨਾਲ ਨੀਮ ਸੁਰੱਖਿਆ ਬਲਾਂ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੋਲਿੰਗ ਬੂਥਾਂ ਤੇ ਗਰਮੀ ਤੋਂ ਬਚਾਅ ਲਈ ਪੀਣ ਵਾਲੇ ਪਾਣੀ ਤੋਂ ਇਲਾਵਾ ਕੂਲਰ ਅਤੇ ਪੱਖਿਆਂ ਦਾ ਪ੍ਰਬੰਧ ਕੀਤਾ ਗਿਆ ਹੈ। ਐਸ ਡੀ ਐਮ ਕਮ ਏਆਰਓ ਪ੍ਰਮੋਦ ਸਿੰਗਲਾ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਨੂੰ ਯਕੀਨੀ ਬਣਾਉਣ ਤਾਂ ਜੋ ਮਿੱਥੇ ਟੀਚੇ ਅਨੁਸਾਰ ਵੋਟ ਪ੍ਰਤੀਸ਼ਤ ਦੇ ਅੰਕੜੇ ਨੂੰ ਛੂਹਿਆ ਜਾ ਸਕੇ। ਇਸ ਮੌਕੇ ਡੀਐਸਪੀ ਮਨਦੀਪ ਸਿੰਘ ਸਮੇਤ ਹੋਰ ਸਿਵਲ ਅਤੇ ਪੁਲਿਸ ਅਧਿਕਾਰੀ ਹਾਜ਼ਰ ਸਨ।