ਮਾਲੇਰਕੋਟਲਾ : ਪੰਜਾਬ ਦੇ ਵੋਟਰ ਵੋਟਾਂ ਪੈਣ ਵਾਲੇ ਦਿਨ ਤੱਕ ਚੁੱਪ ਰਹੇ। ਵੋਟਰਾਂ ਨੇ ਇੱਕ ਜੂਨ ਨੂੰ ਈਵੀਐੱਮ ਸਾਹਮਣੇ ਆਪਣੀ ਚੁੱਪ ਤੋੜਦਿਆਂ ਆਪਣੇ ਪਸੰਦ ਦੇ ਉਮੀਦਵਾਰ ਨੂੰ ਵੋਟ ਪਈ। ਇਸ ਨਾਲ ਸੰਗਰੂਰ ਲੋਕ ਸਭਾ ਹਲਕਾ ਤੋਂ ਚੋਣ ਲੜ ਰਹੇ 23 ਉਮੀਦਵਾਰਾਂ ਦੀ ਕਿਸਮਤ ਈਵੀਐਮ ਵਿੱਚ ਸੀਲ ਹੋ ਗਈ। ਵੋਟਰਾਂ ਨੇ ਆਪਣਾ ਪਾਰਲੀਮੈਂਟ ਮੈਂਬਰ ਕਿਸ ਨੂੰ ਚੁਣਿਆ ਹੈ, ਇਸ ਦਾ ਭੇਤ 4 ਜੂਨ ਨੂੰ ਖੁੱਲ੍ਹੇਗਾ। ਹੁਣ ਉਮੀਦਵਾਰ ਅਤੇ ਉਨ੍ਹਾਂ ਦੇ ਸਮਰਥਕ ਆਪਣੇ ਆਪਣੇ ਵੇਟ ਗਣਿਤ ਅਨੁਸਾਰ ਆਪਣੀ ਆਪਣੀ ਜਿੱਤ ਦੇ ਦਾਅਵੇ ਕਰ ਰਹੇ ਹਨ। ਇਸ ਦੇ ਨਾਲ ਹੀ ਸਭ ਦੀਆ ਨਜ਼ਰਾਂ ਲੋਕ ਸਭਾ ਸੰਗਰੂਰ ਦੀ ਸੀਟ 'ਤੇ ਹਨ, ਇਸ ਦਾ ਨਤੀਜਾ ਵੱਡੇ ਨੇਤਾਵਾਂ ਦੇ ਸਿਆਸੀ ਭਵਿੱਖ ਨੂੰ ਤੈਅ ਕਰੇਗਾ। ਇਸ ਹਲਕੇ ਦੇ ਨਤੀਜੇ ਨੂੰ ਲੈ ਕੇ ਮੁੱਖ ਮੰਤਰੀ, ਤਿੰਨ ਕੈਬਨਿਟ ਮੰਤਰੀਆਂ, ਆਮ ਆਦਮੀ ਪਾਰਟੀ ਦੇ ਛੇ ਵਿਧਾਇਕਾਂ ਸਮੇਤ ਵਿਰੋਧੀ ਧਿਰ ਦੇ ਵੱਡੇ ਆਗੂਆਂ ਦੀ ਭਰੋਸੇ ਯੋਗਤਾ ਦਾਅ 'ਤੇ ਹੈ।
ਇਸ ਸੀਟ ਦਾ ਨਤੀਜਾ ਇਸ ਸੀਟ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਧੂਰੀ ਤੋਂ ਜਿੱਤ ਕੇ ਪੰਜਾਬ ਦੇ ਮੁੱਖ ਮੰਤਰੀ ਬਣੇ ਭਗਵੰਤ ਸਿੰਘ ਮਾਨ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ (ਦਿੜ੍ਹਬਾ), ਅਮਨ ਅਰੋੜਾ (ਸੁਨਾਮ) ਗੁਰਮੀਤ ਸਿੰਘ ਮੀਤ ਹੇਅਰ (ਬਰਨਾਲਾ), ਜੋ ਹਲਕਾ ਸੰਗਰੂਰ ਤੋਂ ਆਪ' ਦੇ ਉਮੀਦਵਾਰ ਵੀ ਹਨ, ਸਮੇਤ ਪਾਰਟੀ ਦੇ ਹੋਰ ਛੇ ਵਿਧਾਇਕਾ ਨਰਿੰਦਰ ਕੌਰ ਭਰਾਜ (ਸੰਗਰੂਰ), ਵਰਿੰਦਰ ਗੋਇਲ (ਲਹਿਰਾਗਾਗਾ) ਡਾ. ਮੁਹੰਮਦ ਜਮੀਲ ਉਰ ਰਹਿਮਾਨ (ਮਾਲੇਰਕੋਟਲਾ), ਕੁਲਵੰਤ ਸਿੰਘ ਪੰਡੋਰੀ (ਮਹਿਲ ਕਲਾਂ) ਲਾਭ ਸਿੰਘ ਉੱਗਕੇ (ਭਦੌੜ) ਅਤੇ ਕਾਂਗਰਸ ਦੇ ਉਮੀਦਵਾਰ ਤੇ ਹਲਕਾ ਭੁਲੱਬ ਦੇ ਮੌਜੂਦਾ ਵਿਧਾਇਕ ਸੁਖਪਾਲ ਸਿੰਘ ਖਹਿਰਾ, ਅਕਾਲੀ ਦਲ (ਅ) ਦੇ ਪ੍ਰਧਾਨ ਮੌਜੂਦਾ ਮੈਂਬਰ ਪਾਰਲੀਮੈਂਟ ਤੇ ਪਾਰਟੀ ਉਮੀਦਵਾਰ ਸਿਮਰਨਜੀਤ ਸਿੰਘ ਮਾਨ, ਅਕਾਲੀ ਦਲ ਦੀ ਕਰ ਕਮੇਟੀ ਦੇ ਮੈਂਬਰ, ਸਾਬਕਾ ਵਿਧਾਇਕ ਤੇ ਪਾਰਟੀ ਉਮੀਦਵਾਰ ਇਕਬਾਲ ਸਿੰਘ ਬੂੰਦਾਂ, ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਅਤੇ ਹਲਕੇ ਤੋਂ ਅਰਵਿੰਦ ਖੰਨਾ ਅਤੇ ਬਸਪਾ ਪੰਜਾਬ ਦੇ ਜਨਰਲ ਸਕੱਤਰ ਅਤੇ ਹਲਕੇ ਤੋਂ ਉਮੀਦਵਾਰ ਡਾ. ਮੱਖਣ ਸਿੰਘ ਵਰਗੇ ਵੱਡੇ ਨੇਤਾਵਾਂ ਦਾ ਭਵਿੱਖ ਤੈਅ ਕਰੇਗਾ। ਲੋਕ ਹਲਕਾ ਸੰਗਰੂਰ ਨਾਲ ਸਬੰਧਿਤ ਸਾਰੇ 9 ਵਿਧਾਨ ਸਭਾ ਹਲਕਿਆਂ ਤੋਂ ਆਮ ਆਦਮੀ ਪਾਰਟੀ ਦੇ 9 ਹੀ ਵਿਧਾਇਕਾ ਤੇ ਉਨ੍ਹਾਂ 'ਚੋਂ ਬਣੇ ਤਿੰਨ ਕੈਬਨਿਟ ਮੰਤਰੀਆਂ ਦਾ ਵੱਕਾਰ ਦਾਅ 'ਤੇ ਹੈ। ਸੂਬੇ 'ਚ ਆਪ ਦੀ ਸਰਕਾਰ ਬਣਨ ਤੇ ਪੂਰ ਸੂਬੇ 'ਚ ਸਿਆਸੀ ਨਜ਼ਰੀਏ ਤੋਂ ਵਜ਼ਾਰਤ 'ਚ ਹਿੱਸੇਦਾਰੀ 'ਚ ਸੰਗਰੂਰ ਹਲਕਾ ਸਭ ਤੋਂ ਭਾਰੂ ਹੈ। ਸਾਰੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਦੀਆਂ ਨਜ਼ਰਾਂ 4 ਜੂਨ ਨੂੰ ਆਉਣ ਵਾਲੇ ਨਤੀਜੇ ਤੇ ਟਿਕੀਆਂ ਹੋਈਆਂ ਹਨ।