ਮਾਲੇਰਕੋਟਲਾ : ਅੱਜ ਰੋਜ ਦੀ ਰੈਵੇਨਿਊ ਪਟਵਾਰ ਯੂਨੀਅਨ,ਪੰਜਾਬ ਜਿ਼ਲ੍ਹਾ ਮਾਲੇਰਕੋਟਲਾ ਦੇ ਪ੍ਰਧਾਨ ਦੀਦਾਰ ਸਿੰਘ ਛੋਕਰ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਲੋਕ ਸਭਾ ਚੋਣਾਂ ਵਿੱਚ ਵੱਡੇ ਪੱਧਰ ਤੇ ਹੋਈ ਹਾਰ ਦਾ ਮੁੱਖ ਕਾਰਨ ਸਰਕਾਰ ਬਣਨ ਤੋਂ ਪਹਿਲਾਂ ਮੁਲਾਜਮਾਂ ਨਾਲ ਕੀਤੇ ਪੁਰਾਣੀ ਪੈਨਸ਼ਨ ਬਹਾਲ ਦੇ ਵਾਅਦੇ ਤੋਂ ਮੁਕਰਨਾ ਹੈ। ਉਹਨਾਂ ਨਹਿਰੀ ਪਟਵਾਰੀਆਂ ਵੱਲੋਂ ਵਿੱਢੇ ਸੰਘਰਸ਼ ਦੀ ਹਮਾਇਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨਹਿਰੀ ਪਟਵਾਰੀਆਂ ਨੂੰ ਨਹਿਰੀ ਪਾਣੀ ਦੇ ਕਥਿਤ ਤੌਰ ਤੇ ਗਲਤ ਅੰਕੜੇ ਦਿਖਾਉਣ ਲਈ ਮਜਬੂਰ ਕਰ ਰਹੀ ਹੈ। ਨਹਿਰੀ ਪਟਵਾਰੀ ਸਹੀ ਅੰਕੜੇ ਦਿਖਾਉਣ ਤੇ ਅੜੇ ਹੋਏ ਹਨ। ਜਿਸਦੇ ਕਾਰਨ ਪਿਛਲੇ ਦਿਨੀੰ ਸਰਕਾਰ ਨੇ ਪੱਤਰ ਕੱਢ ਕੇ ਨਹਿਰੀ ਪਟਵਾਰੀਆਂ ਦੀ ਹੜਤਾਲ ਦੇ ਦਿਨਾਂ ਦੀ ਤਨਖਾਹ ਨਾ ਦੇਣ ਦਾ ਆਦੇਸ਼ ਦਿੱਤਾ ਹੈ ਅਤੇ ਨਾਲ ਹੀ ਇੱਕ ਜਿ਼ਲ੍ਹੇਦਾਰ ਲਫਟੈਨ ਸਿੰਘ ਨੂੰ ਨਹਿਰੀ ਪਟਵਾਰੀਆਂ ਨੂੰ ਛੁੱਟੀ ਦੇਣ ਕਾਰਨ ਜਵਾਬ ਤਲਬੀ ਕੀਤੀ ਹੈ ਅਤੇ ਖੁੰਦਕ ਵਿੱਚ ਨਹਿਰੀ ਪਟਵਾਰੀਆਂ ਦੀ ਬਦਲੀਆਂ ਵੀ ਦੂਰ ਦੁਰਾਡੇ ਖੇਤਰਾਂ ਵਿੱਚ ਕੀਤੀਆਂ ਜਾ ਰਹੀਆਂ ਹਨ। ਜਿ਼ਲਾ ਪ੍ਰਧਾਨ ਛੋਕਰ ਨੇ ਇਸਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਮੁੱਖ ਮੰਤਰੀ ਸਾਹਿਬ ਨੂੰ ਇਸ ਮਾਮਲੇ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਸ ਹਾਰ ਤੋਂ ਸਬਕ ਲੈਣਾ ਚਾਹੀਦਾ ਹੈ ਅਤੇ ਪੰਜਾਬ ਦੇ ਮੁਲਾਜਮਾਂ ਨੂੰ ਬੇਲੋੜੀਂਦਾ ਤੰਗ-ਪ੍ਰੇਸ਼ਾਨ ਕਰਨਾ ਬੰਦ ਕਰਨਾ ਚਾਹੀਦਾ ਹੈ ਅਤੇ ਪੈਨਸ਼ਨ ਬਹਾਲੀ ਦੇ ਵਾਅਦੇ ਨੂੰ ਜਲਦ ਤੋਂ ਜਲਦ ਪੂਰਾ ਕਰਨਾ ਚਾਹੀਦਾ ਹੈ ਨਹੀਂ ਤਾਂ ਆਉਣ ਵਾਲੀਆਂ ਜਿਮਨੀ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਇਹੀ ਨਤੀਜੇ ਮਿਲਣਗੇ।