ਹਰ ਮਸਜਿਦ ਵਿੱਚ ਈਦ ਦੀ ਨਮਾਜ਼ ਅਦਾ ਕਰਨ ਦਾ ਰੁਝਾਨ ਬੜਾ ਹੀ ਦੁਖਦਾਈ ਅਤੇ ਇਸਲਾਮ ਦੀ ਸਿੱਖਿਆ ਦੇ ਉਲਟ
ਮਾਲੇਰਕੋਟਲਾ : ਇਸਲਾਮ ਅੰਦਰ ਹਰ ਇਬਾਦਤ ਨੂੰ ਸਮੂਹਿਕ (ਇਜਤਮਾਈ ਇਕੱਠੇ ਹੋ ਕੇ) ਤੌਰ ਤੇ ਕਰਨਾ ਵੱਡੀ ਇਬਾਦਤ ਮੰਨਿਆ ਗਿਆ ਹੈ ਇਸੇ ਲਈ ਮਸਜਿਦਾਂ ਅੰਦਰ ਪੰਜ ਵਕਤ ਦੀ ਨਮਾਜ਼ ਇਕੱਠੇ ਹੋ ਕੇ ਅਦਾ ਕੀਤੀ ਜਾਂਦੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੁਫਤੀ ਏ ਆਜ਼ਮ ਪੰਜਾਬ ਹਜਰਤ ਮੌਲਾਨਾ ਮੁਫਤੀ ਮੁਹੰਮਦ ਇਰਤਕਾ ਉਲ ਹਸਨ ਕੰਧਾਲਵੀ ਨੇ ਈਦ ਉਲ ਅਜਹਾ ਦੇ ਮੌਕੇ ਤੇ ਇੱਕ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਉਹਨਾਂ ਕਿਹਾ ਕਿ ਬਿਲਕੁਲ ਇਸੇ ਤਰ੍ਹਾਂ ਹੀ ਹਜ਼ਰਤ ਮੁਹੰਮਦ ਸਾਹਿਬ ਦਾ ਇਹ ਸੁੱਨਤੀ ਤਰੀਕਾ ਹੈ ਕਿ ਈਦ ਦੀਆਂ ਨਮਾਜ਼ਾਂ ਨੂੰ ਇਕੱਠੇ ਹੋ ਕੇ ਈਦਗਾਹਾਂ ਅੰਦਰ ਸਮੂਹਿਕ ਤੌਰ ਤੇ ਅਦਾ ਕੀਤਾ ਜਾਵੇ। ਉਹਨਾਂ ਇਸ ਗੱਲ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਚੱਲ ਰਹੀਆਂ ਰੀਤਾਂ ਅਨੁਸਾਰ ਜਲਦੀ ਕੁਰਬਾਨੀ ਕਰਨ ਦੇ ਚੱਕਰਾਂ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਇਸ ਅਜ਼ੀਮ ਸੁੰਨਤ ਨੂੰ ਤਰਕ ਕਰਕੇ ਮਸਜਿਦਾਂ ਵਿੱਚ ਈਦ ਦੀ ਨਮਾਜ਼ ਅਦਾ ਕੀਤੀ ਜਾ ਰਹੀ ਹੈ, ਜਦੋਂ ਕਿ ਇਸਲਾਮ ਦੇ ਮੰਨਣ ਵਾਲਿਆਂ ਨੂੰ ਅੱਲਾ ਦੇ ਨਬੀ ਪੈਗੰਬਰ ਏ ਇਸਲਾਮ ਦੀ ਜ਼ਿੰਦਗੀ ਕਤਾਈ ਇਸ ਦੀ ਇਜਾਜ਼ਤ ਨਹੀਂ ਦਿੰਦੀ। ਉਹਨਾਂ ਕਿਹਾ ਕਿ ਇਸ ਲਈ ਇਲਾਕਾ ਨਿਵਾਸੀਆਂ ਅਤੇ ਇਸਲਾਮ ਨੂੰ ਮੰਨਣ ਵਾਲੇ ਸੰਜੀਦਾ ਲੋਕਾਂ,ਸ਼ਹਿਰ ਅੰਦਰ ਦੀਨ ਦੀ ਖਿਦਮਤ ਕਰਨ ਵਾਲੀਆਂ ਸਭਾ ਸੁਸਾਇਟੀਆਂ ਨੂੰ ਇਸ ਬਾਰੇ ਵਿਸ਼ੇਸ਼ ਤੌਰ ਤੇ ਸੋਚਣਾ ਚਾਹੀਦਾ ਹੈ ਕਿ ਕੀ ਇਹ ਰੁਝਾਨ ਉਹਨਾਂ ਨੂੰ ਹਜ਼ਰਤ ਮੁਹੰਮਦ ਸਾਹਿਬ ਦੀ ਸੁੰਨਤ ਨੂੰ, ਨਾ ਅਦਾ ਕਰਕੇ ਇਸਲਾਮ ਤੋਂ ਕਿਤੇ ਦੂਰ ਤਾਂ ਨਹੀਂ ਲਿਜਾ ਰਿਹਾ। ਉਹਨਾਂ ਕਿਹਾ ਇਹ ਤਾਂ ਕਿਸੇ ਹੱਦ ਤੱਕ ਜਾਇਜ਼ ਹੈ ਕਿ ਵੱਖੋ-ਵੱਖ ਇਲਾਕਿਆਂ ਅੰਦਰ ਕੁਝ ਵੱਡੀਆਂ ਮਸਜਿਦਾ ਇਸ ਲਈ ਤੈਅ ਕਰ ਲਈਆ ਜਾਣ ਜਿੱਥੇ ਈਦਾਂ ਦੀਆਂ ਨਮਾਜ਼ਾਂ ਸਿਰਫ ਬੀਮਾਰ, ਬਿਰਧ ਅਤੇ ਮਜਬੂਰ ਕਿਸਮ ਦੇ ਲੋਕਾਂ ਲਈ ਉੱਥੇ ਨਮਾਜ਼ ਅਦਾ ਕਰਨ ਦੇ ਇੰਤਜ਼ਾਮ ਹੋਵੇ, ਪਰ ਇੱਥੇ ਤਾਂ ਇਸਲਾਮ ਦੀ ਸਿੱਖਿਆ ਦੇ ਬਿਲਕੁਲ ਹੀ ਉਲਟ ਹਰ ਮਸਜਿਦ ਵਿੱਚ ਈਦ ਦੀ ਨਮਾਜ਼ ਅਦਾ ਕਰਨ ਦਾ ਰੁਝਾਨ ਬੜਾ ਹੀ ਦੁਖਦਾਈ ਬਣਦਾ ਜਾ ਰਿਹਾ ਹੈ ਇਸ ਲਈ ਜਿੱਥੇ ਇਸ ਨੇ ਉੰਮਤ ਨੂੰ ਵੰਡ ਦਿੱਤਾ ਹੈ ਉੱਥੇ ਹੀ ਈਦਗਾਹਾਂ ਦੇ ਕਿਆਮ ਨੂੰ ਵੀ ਕਿਸੇ ਹੱਦ ਤੱਕ ਠੇਸ ਪਹੁੰਚਾਈ ਹੈ। ਉਹਨਾਂ ਕਿਹਾ ਕਿ ਅਗਰ ਅਜਿਹਾ ਹੀ ਹੈ ਫਿਰ ਈਦਗਾਹਾਂ ਕਿਸ ਲਈ ਹਨ ਉਹਨਾਂ ਕਿਹਾ ਕਿ ਅੱਲਾ ਪਾਕ ਨੂੰ ਹੱਜ ਜਿਹਾ ਵੱਡਾ ਅਰਕਾਨ ਵੀ ਇਸੇ ਲਈ ਹੀ ਵੱਧ ਪਸੰਦ ਵਧੀਆ ਲੱਗਦਾ ਹੈ ਕਿ ਸਾਰੇ ਹਾਜ਼ੀ ਇੱਕ ਮੈਦਾਨ ਵਿੱਚ ਜਮਾ ਹੋ ਕੇ ਇਕ ਰੱਬ ਦੀ ਇਬਾਦਤ ਵਿੱਚ ਮਸ਼ਗੂਲ ਹੁੰਦੇ ਹਨ।
ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਸ ਲਈ ਮਸਜਿਦਾਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਉਹਨਾਂ ਦੇ ਅਧੀਨ ਕੰਮ ਕਰ ਰਹੇ ਇਮਾਮ ਹਜ਼ਰਾਤ ਨੂੰ ਇਸ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦੇਣ ਦੀ ਜਰੂਰਤ ਹੈ। ਉਨਾ ਕਿਹਾ ਕਿ ਇਸ ਵਾਰ ਸ਼ਹਿਰ ਵਿਚ ਈਦਗਾਹਾਂ ਦੀਆਂ ਪ੍ਰਬੰਧਕ ਕਮੇਟੀਆਂ ਨੇ ਵੀ ਇਸ ਵਾਰ ਈਦ ਦੀ ਨਮਾਜ਼ ਪਹਿਲਾ ਨਾਲੋਂ ਜਲਦੀ ਅਦਾ ਕਰਨ ਲਈ ਟਾਈਮ ਟੇਬਲ ਜਾਰੀ ਕੀਤੇ ਹਨ ਅਗਰ ਹੋਰ ਇਸ ਤੋਂ ਵੀ ਜਲਦ ਨਮਾਜ਼ ਅਦਾ ਕਰਨੀ ਹੈ ਤਾਂ ਈਦ ਗਾਹਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਮਿਲ ਕੇ ਇਸ ਨੂੰ ਹੋਰ ਸਾਜਰੇ ਕੀਤਾ ਜਾ ਸਕਦਾ ਹੈ ਪਰ ਇਹ ਨਹੀਂ ਕਿ ਸਾਲ ਵਿੱਚ ਦੋ ਵਾਰ ਮੁਸਲਿਮ ਭਾਈਚਾਰੇ ਦੇ ਇਕੱਠ ਨੂੰ ਤੋੜਨ ਲਈ ਮਸਜਿਦਾਂ ਵਿੱਚ ਈਦ ਦੀਆਂ ਨਮਾਜ਼ਾਂ ਅਦਾ ਕਰਵਾਈਆਂ ਜਾਣ।