ਮੂਰਤੀ ਨਿਰਮਾਣ 'ਤੇ ਵਰਕਸ਼ਾਪ
ਵੱਖ-ਵੱਖ ਰਾਜਾਂ ਦੇ ਬੱਚਿਆਂ ਨੇ ਰਾਜ ਪੱਧਰੀ ਸੱਭਿਆਚਾਰਕ ਆਈਟਮਾਂ ਦੀ ਪੇਸ਼ਕਾਰੀ ਕੀਤੀ
ਮੋਹਾਲੀ : ਚਾਈਲਡ ਵੈਲਫੇਅਰ ਕੌਂਸਲ, ਪੰਜਾਬ ਵੱਲੋਂ 6 ਦਿਨਾਂ "ਨੈਸ਼ਨਲ ਲੈਵਲ ਲਰਨ ਟੂ ਲਿਵ ਟੁਗੈਦਰ ਕੈਂਪ" ਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ, ਜਿਸ ਵਿੱਚ 150 ਬੱਚੇ ਅਤੇ ਐਸਕਾਰਟ ਹਿੱਸਾ ਲੈ ਰਹੇ ਹਨ। ਕੈਂਪ ਦੇ ਤੀਜੇ ਦਿਨ ਸੈਸ਼ਨ ਦੀ ਸ਼ੁਰੂਆਤ ਯੋਗ ਅਭਿਆਸਾਂ ਅਤੇ ਪਿਛਲੇ ਦਿਨ ਦੀਆਂ ਗਤੀਵਿਧੀਆਂ ਦੀ ਸਮੀਖਿਆ ਨਾਲ ਹੋਈ। ਇਸ ਤੋਂ ਬਾਅਦ ਸੈਸ਼ਨ ਦੀ ਸ਼ੁਰੂਆਤ ਉੱਘੇ ਕਲਾਕਾਰਾਂ ਪਰਵੇਸ਼ ਕੁਮਾਰ ਅਤੇ ਸ੍ਰੀ ਅਨਿਲ ਵੱਲੋਂ ਮੂਰਤੀ ਬਣਾਉਣ ਦੀ ਵਰਕਸ਼ਾਪ ਨਾਲ ਹੋਈ। ਉਨ੍ਹਾਂ ਬੱਚਿਆਂ ਨੂੰ ਮਿੱਟੀ ਨਾਲ ਵੱਖ-ਵੱਖ ਮੂਰਤੀਆਂ ਬਣਾਉਣੀਆਂ ਸਿਖਾਈਆਂ। ਬੱਚਿਆਂ ਨੇ ਇਸ ਵਰਕਸ਼ਾਪ ਵਿੱਚ ਡੂੰਘੀ ਦਿਲਚਸਪੀ ਲੈਂਦੇ ਹੋਏ ਭਾਗ ਲਿਆ। ਕੈਂਪ ਦੇ ਭਾਗੀਦਾਰਾਂ ਦੀ ਉਮਰ 10-14 ਸਾਲ ਹੈ, ਇਸ ਲਈ ਫੋਰਟਿਸ ਹਸਪਤਾਲ, ਮੋਹਾਲੀ ਦੇ ਕਲੀਨਿਕਲ ਮਨੋਵਿਗਿਆਨੀ ਡਾ. ਸੁਮੇਧਾ ਬੈਨਰਜੀ ਦੁਆਰਾ "ਕਿਸ਼ੋਰ ਵਿਵਹਾਰ ਦੀਆਂ ਸਮੱਸਿਆਵਾਂ ਅਤੇ ਹੱਲ" ਵਿਸ਼ੇ 'ਤੇ ਇੱਕ ਪ੍ਰੈਜ਼ੈਨਟੇਸ਼ਨ ਗਈ।
ਬੱਚਿਆਂ ਨੇ ਆਪਣੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ, ਜਿਨ੍ਹਾਂ ਨੂੰ ਡਾ: ਸੁਮੇਧਾ ਨੇ ਤਰਕਸੰਗਤ ਢੰਗ ਨਾਲ ਹੱਲ ਕੀਤਾ। ਸ਼. ਮਹਿੰਦਰ ਤੁੱਲੀ ਨੇ ਫਾਲਤੂ ਕਾਗਜ਼ ਖਾਸ ਕਰਕੇ ਗਲੋਸੀ ਰੰਗੀਨ ਕਾਗਜ਼ਾਂ ਤੋਂ ਕੋਲਾਜ ਬਣਾਉਣ ਬਾਰੇ ਵਰਕਸ਼ਾਪ ਦਾ ਆਯੋਜਨ ਕੀਤਾ। ਬੱਚਿਆਂ ਨੇ ਵੇਸਟ ਪੇਪਰਾਂ ਤੋਂ ਵੱਖ-ਵੱਖ ਆਈਟਮਾਂ ਅਤੇ ਸੁੰਦਰ ਕੋਲਾਜ ਬਣਾਏ। ਇਸ ਥੀਮ ਨੂੰ ਚੰਡੀਗੜ੍ਹ ਦੇ ਸੈਰ-ਸਪਾਟੇ ਦੇ ਆਕਰਸ਼ਣ ਰੌਕ ਗਾਰਡਨ ਦੀ ਫੇਰੀ ਦੁਆਰਾ ਅੱਗੇ ਵਧਾਇਆ ਗਿਆ। ਬੱਚਿਆਂ ਨੂੰ ਦੱਸਿਆ ਗਿਆ ਕਿ ਰਹਿੰਦ-ਖੂੰਹਦ ਦੀ ਵਰਤੋਂ ਕਰਨ ਦਾ ਸੰਕਲਪ ਸ਼ੁਰੂ ਵਿੱਚ ਇਸ ਗਾਰਡਨ ਦੇ ਮੋਢੀ ਸ਼੍ਰੀ ਨੇਕ ਚੰਦ ਵੱਲੋਂ ਦਿੱਤਾ ਗਿਆ ਸੀ। ਬੱਚਿਆਂ ਨੇ ਟੂਰ ਦਾ ਖੂਬ ਆਨੰਦ ਲਿਆ। ਇਸ ਤੋਂ ਪਹਿਲਾਂ ਕੈਂਪ ਦੇ ਦੂਜੇ ਦਿਨ ਸ: ਸ਼ਿਵਦੁਲਾਰ ਸਿੰਘ ਢਿੱਲੋਂ, ਆਈ.ਏ.ਐਸ.(ਸੇਵਾਮੁਕਤ) ਸਕੱਤਰ, ਰੈੱਡ ਕਰਾਸ ਨੇ ਬੱਚਿਆਂ ਨੂੰ ਫਸਟ ਏਡ ਦੀ ਮਹੱਤਤਾ ਬਾਰੇ ਦੱਸਿਆ ਅਤੇ ਉਨ੍ਹਾਂ ਨੂੰ ਫਸਟ ਏਡ ਕਿੱਟਾਂ ਵੰਡੀਆਂ।
ਸ਼ਾਮ ਨੂੰ ਬੱਚਿਆਂ ਨੂੰ ਸੈਕਟਰ 17 ਦੇ ਪਲਾਜ਼ਾ-ਸ਼ਾਪਿੰਗ ਕੰਪਲੈਕਸ ਅਤੇ ਰੋਜ਼ ਗਾਰਡਨ ਚੰਡੀਗੜ੍ਹ ਵਿਖੇ ਲਿਜਾਇਆ ਗਿਆ। ਉਨ੍ਹਾਂ ਨੂੰ ਸ਼੍ਰੀਮਤੀ ਪ੍ਰੀਤਮ ਸੰਧੂ, ਸਕੱਤਰ, ਬਾਲ ਭਲਾਈ ਕੌਂਸਲ, ਪੰਜਾਬ ਨੇ ''ਸਿਟੀ ਬਿਊਟੀਫੁੱਲ'' ਚੰਡੀਗੜ੍ਹ ਅਤੇ ਰੋਜ਼ ਗਾਰਡਨ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਦੂਜੇ ਦਿਨ ਸ਼ੈਸ਼ਨ ਦੀ ਸ਼ੁਰੂਆਤ ਸ੍ਰੀ ਡਾ. ਹਰਪਾਲ ਸਿੰਘ, ਜ਼ੂਲੌਜਿਸਟ, ਛੱਤਬੀੜ ਚਿੜੀਆਘਰ ਵੱਲੋਂ ਵਾਤਾਵਰਨ ਨੂੰ ਪ੍ਰਦੂਸ਼ਣ ਤੋਂ ਬਚਾਉਣ ਦੇ ਸਿਧਾਂਤਾਂ 'ਤੇ ਜ਼ੋਰ ਦਿੰਦਿਆਂ "ਕੁਦਰਤੀ ਸਰੋਤਾਂ ਦੀ ਨਿਆਂਪੂਰਨ ਵਰਤੋਂ" ਬਾਰੇ ਪ੍ਰੈਜ਼ੈਨਟੇਸ਼ਨ ਦਿੱਤੀ ਗਈ। ਇਸ ਤੋਂ ਬਾਅਦ ਸ਼. ਗੁਰਦੀਪ ਸਿੰਘ ਧੀਮਾਨ, ਜਸਕੰਵਲਜੀਤ ਕੌਰ ਅਤੇ ਸ੍ਰੀ ਅੰਕੁਰ ਨੇ ਆਰਟ ਵਰਕਸ਼ਾਪ ਦਾ ਆਯੋਜਨ ਕੀਤਾ ਜਿਸ ਵਿੱਚ ਆਰਟ ਦੀ ਥਿਊਰੀ ਅਤੇ ਪ੍ਰੈਕਟੀਕਲ ਦੀ ਵਿਆਖਿਆ ਕੀਤੀ ਗਈ।
ਬੱਚਿਆਂ ਵੱਲੋਂ ਬਣਾਈਆਂ ਗਈਆਂ ਬੈਸਟ 3 ਪੇਂਟਿੰਗਾਂ ਨੂੰ ਚਾਈਲਡ ਵੈਲਫੇਅਰ ਕੌਂਸਲ ਪੰਜਾਬ ਵੱਲੋਂ ਮੈਡਲ ਦਿੱਤੇ ਗਏ। ਇਸ ਤੋਂ ਬਾਅਦ ਸ਼੍ਰੀਮਤੀ ਸਮੀਰਾ ਕੋਸਰ ਨੇ ਆਪਣੀ ਟੀਮ ਸਮੇਤ ਕਥਕ ਡਾਂਸ ਦੀ ਵਰਕਸ਼ਾਪ ਕਰਵਾਈ। ਬੱਚਿਆਂ ਨੂੰ ਸੰਬੋਧਨ ਕਰਦਿਆਂ ਸ਼੍ਰੀਮਤੀ ਕੋਸਰ ਨੇ ਕਿਹਾ ਕਿ ਸ਼ਖਸੀਅਤ ਦੇ ਸਰਵਪੱਖੀ ਵਿਕਾਸ ਲਈ ਕਥਕ ਡਾਂਸ ਮਹੱਤਵਪੂਰਨ ਹੈ ਕਿਉਂਕਿ ਇਸ ਨਾਲ ਸਰੀਰ ਦੀਆਂ ਸਾਰੀਆਂ ਹਰਕਤਾਂ ਮਨ, ਆਤਮਾ ਅਤੇ ਕਿਰਿਆ ਦਾ ਤਾਲਮੇਲ ਹੁੰਦਾ ਹੈ। ਉਹਨਾਂ ਨੇ ਬੱਚਿਆਂ ਨੂੰ ਕੱਥਕ ਡਾਂਸ ਦੇ ਵੱਖ-ਵੱਖ ਸਟੈਪਸ ਵੀ ਸਿਖਾਏ ਅਤੇ ਬਾਲ ਭਲਾਈ ਕੌਂਸਲ ਵੱਲੋਂ ਸਰਵੋਤਮ 3 ਬੱਚਿਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਸ਼ਾਮ ਨੂੰ ਵੱਖ-ਵੱਖ ਰਾਜਾਂ ਤੋਂ ਆਏ ਬੱਚਿਆਂ ਨੇ ਆਪਣੀਆਂ ਰਵਾਇਤੀ ਪੁਸ਼ਾਕਾਂ ਵਿੱਚ ਸੂਬਾ ਪੱਧਰੀ ਸੱਭਿਆਚਾਰਕ ਆਈਟਮਾਂ ਦੀ ਪੇਸ਼ਕਾਰੀ ਕੀਤੀ ਜਿਸ ਦੀ ਸਾਰਿਆਂ ਨੇ ਸ਼ਲਾਘਾ ਕੀਤੀ।