ਸੁਨਾਮ : ਜ਼ਿਲ੍ਹਾ ਪੱਧਰੀ ਭਾਸ਼ਣ ਪ੍ਰਤੀਯੋਗਤਾ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲ਼ੀ ਸ਼੍ਰੀ ਸੂਰਜਕੁੰਡ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੁਨਾਮ ਦੀ ਵਿਦਿਆਰਥਣ ਰਸ਼ਨਦੀਪ ਕੌਰ ਨੂੰ ਸਕੂਲ ਮੈਨੇਜਮੈਂਟ ਕਮੇਟੀ ਅਤੇ ਪ੍ਰਿੰਸੀਪਲ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਅਮਿਤ ਡੋਗਰਾ ਨੇ ਦੱਸਿਆ ਕਿ ਇਹ ਜ਼ਿਲ੍ਹਾ ਪੱਧਰੀ ਭਾਸ਼ਣ ਪ੍ਰਤੀਯੋਗਤਾ ਵੇਦ ਪ੍ਰਚਾਰ ਮੰਡਲ ਲੁਧਿਆਣਾ ਵੱਲੋ ਵਸੰਤ ਵੈਲੀ ਪਬਲਿਕ ਸਕੂਲ ਸੰਗਰੂਰ ਵਿੱਚ ਕਰਵਾਈ ਗਈ ਸੀ। ਇਸ ਪ੍ਰਤਿਯੋਗਤਾ ਵਿੱਚ ਸੰਗਰੂਰ ਜ਼ਿਲ੍ਹੇ ਦੇ 19 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਸਾਰੇ ਸਕੂਲਾਂ ਨੂੰ ਭਾਸ਼ਣ ਲਈ ਅਲੱਗ ਅਲੱਗ ਵਿਸ਼ੇ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਸ੍ਰੀ ਸੂਰਜ਼ ਕੁੰਡ ਵਿੱਦਿਆ ਮੰਦਿਰ ਸੁਨਾਮ ਦੀ ਵਿਦਿਆਰਥਣ ਰਸ਼ਨਦੀਪ ਕੌਰ ਨੇ ਇਸ ਭਾਸ਼ਣ ਪ੍ਰਤੀਯੋਗਤਾ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਅਤੇ ਆਪਣੇ ਮਾਤਾ ਪਿਤਾ ਦਾ ਨਾਂਅ ਰੌਸ਼ਨ ਕੀਤਾ ਹੈ। ਜ਼ਿਲ੍ਹਾ ਪੱਧਰੀ ਭਾਸ਼ਣ ਪ੍ਰਤੀਯੋਗਤਾ ਵਿੱਚ ਅੱਵਲ ਰਹੀ ਰਸ਼ਨਦੀਪ ਕੌਰ ਨੂੰ ਸੰਗਰੂਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਪ੍ਰਬੰਧਕ ਕਮੇਟੀ ਮੈਂਬਰ ਬਲਵਿੰਦਰ ਭਾਰਦਵਾਜ ਅਤੇ ਦਿਨੇਸ਼ ਗੁਪਤਾ ਨੇ ਕਿਹਾ ਕਿ ਰਸ਼ਨਦੀਪ ਦੀ ਇਸ ਸਫਲਤਾ ਤੇ ਸਕੂਲ ਦੇ ਸਟਾਫ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਨੇ ਭਾਸ਼ਣ ਅਧਿਆਪਕਾ ਸ਼ੀਵਾਨੀ ਸ਼ਰਮਾਂ ਨੂੰ ਵੀ ਵਧਾਈ ਦਿੱਤੀ। ਭਾਸ਼ਣ ਪ੍ਰਤੀਯੋਗਤਾ ਦੀ ਵਿਜੇਤਾ ਰਸ਼ਨਦੀਪ ਕੌਰ ਨੇ ਦੱਸਿਆ ਕਿ ਮੇਰੀ ਇਸ ਸਫਲਤਾ ਦਾ ਸਿਹਰਾ ਸਕੂਲ ਨੂੰ ਜਾਂਦਾ ਹੈ। ਸਕੂਲ ਵਿੱਚ ਵੀ ਵੱਖ ਵੱਖ ਤਰ੍ਹਾਂ ਦੀਆਂ ਪ੍ਰਤੀਯੋਗਤਾਵਾਂ ਕਰਵਾਈਆਂ ਜਾਂਦੀਆਂ ਹਨ ਜਿਸ ਨਾਲ ਵਿਦਿਆਰਥੀਆਂ ਦਾ ਵਿਅਕਤੀਗਤ ਵਿਕਾਸ ਹੁੰਦਾ ਹੈ। ਇਸ ਮੌਕੇ ਤੇ ਸਕੂਲ ਪ੍ਰਬੰਧਕ ਕਮੇਟੀ ਮੈਂਬਰ ਬਲਵਿੰਦਰ ਭਾਰਦਵਾਜ ਅਤੇ ਦਿਨੇਸ਼ ਗੁਪਤਾ, ਰਾਕੇਸ਼ ਸ਼ਰਮਾਂ ਅਤੇ ਅਧਿਆਪਕ ਹਾਜਰ ਸਨ ।