ਸੁਨਾਮ : ਸੂਬੇ ਦੇ ਲੋਕਾਂ ਨੂੰ ਮਿਆਰੀ ਪ੍ਰਸ਼ਾਸਨਿਕ ਸੇਵਾਵਾਂ ਮੁਹਈਆ ਕਰਵਾਉਣ ਲਈ ਵੀਰਵਾਰ ਨੂੰ ਸੁਨਾਮ ਵਿਧਾਨ ਸਭਾ ਹਲਕੇ ਦੇ ਪਿੰਡ ਚੌਵਾਸ ਜਖੇਪਲ ਵਿਖੇ ਲੋਕ ਸੁਵਿਧਾ ਕੈਂਪ ਲਗਾਇਆ ਗਿਆ। ਐਸ.ਡੀ.ਐਮ ਪ੍ਰਮੋਦ ਸਿੰਗਲਾ ਨੇ ਡੀ.ਐਸ.ਪੀ ਮਨਦੀਪ ਸਿੰਘ ਸੰਧੂ ਸਮੇਤ ਪਿੰਡ ਜਖੇਪਲ ਚੋਵਾਸ ਵਿਖੇ ਆਯੋਜਿਤ ਕਲਸਟਰ ਪੱਧਰੀ ਲੋਕ ਸੁਵਿਧਾ ਕੈਂਪ ਦਾ ਜਾਇਜ਼ਾ ਲੈਂਦਿਆਂ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਪੰਜਾਬ ਸਰਕਾਰ ਨਾਗਰਿਕਾਂ ਨੂੰ ਮਿਆਰੀ, ਪਾਰਦਰਸ਼ੀ ਅਤੇ ਸਮਾਂਬੱਧ ਸਰਕਾਰੀ ਸੇਵਾਵਾਂ ਉਪਲਬਧ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਪ ਮੰਡਲ ਮੈਜਿਸਟਰੇਟ ਨੇ ਕਿਹਾ ਕਿ ਲੋਕਾਂ ਨੂੰ ਹੁਣ ਭਵਿੱਖ ਵਿੱਚ ਆਪਣੇ ਕੰਮਕਾਰ ਕਰਵਾਉਣ ਲਈ ਸਰਕਾਰੀ ਦਫਤਰਾਂ ਵਿੱਚ ਬੇਵਜਾ ਜਾਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਸਬ ਡਵੀਜ਼ਨ ਦੇ ਦਿਹਾਤੀ ਅਤੇ ਸ਼ਹਿਰੀ ਖੇਤਰਾਂ ਵਿੱਚ ਅਜਿਹੇ ਲੋਕ ਸੁਵਿਧਾ ਕੈਂਪਾਂ ਦਾ ਆਯੋਜਨ ਪੜਾਅ ਵਾਰ ਆਰੰਭਿਆ ਗਿਆ ਹੈ ਤਾਂ ਜੋ ਲੋਕਾਂ ਨਾਲ ਸਿੱਧੇ ਤੌਰ ਤੇ ਰਾਬਤਾ ਰੱਖਣ ਵਾਲੇ ਵਿਭਾਗਾਂ ਨਾਲ ਸੰਬੰਧਿਤ ਜਰੂਰਤਾਂ ਨੂੰ ਉਹਨਾਂ ਦੇ ਘਰਾਂ ਦੇ ਨਜ਼ਦੀਕ ਹੀ ਪੂਰਾ ਕੀਤਾ ਜਾ ਸਕੇ। ਇਸ ਦੌਰਾਨ ਐਸਡੀਐਮ ਅਤੇ ਡੀਐਸਪੀ ਨੇ ਕੈਂਪ ਦੌਰਾਨ ਸੇਵਾਵਾਂ ਲੈਣ ਪੁੱਜੇ ਲੋਕਾਂ ਨਾਲ ਵਿਸਥਾਰ ਵਿੱਚ ਗੱਲਬਾਤ ਕੀਤੀ ਅਤੇ ਸਮਾਜ ਵਿੱਚੋਂ ਬੁਰਾਈਆਂ ਦੇ ਖਾਤਮੇ ਲਈ ਲੋਕਾਂ ਦਾ ਸਹਿਯੋਗ ਮੰਗਿਆ। ਨਸ਼ਿਆਂ ਤੇ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਸਹਿਯੋਗ ਦੀ ਮੰਗ ਕੀਤੀ। ਇਸ ਕੈਂਪ ਦਾ ਪਿੰਡ ਜਖੇਪਲ ਚੋਵਾਸ, ਘਾਸੀਵਾਲਾ, ਕੋਟੜਾ ਅਮਰੂ, ਤੋਲਾਵਾਲ ਅਤੇ ਬਖਸ਼ੀਵਾਲਾ ਦੇ ਨਿਵਾਸੀਆਂ ਨੇ ਲਾਭ ਉਠਾਇਆ।