ਸੁਨਾਮ : ਭਾਰਤ ਨਿਰਮਾਣ ਮਿਸਤਰੀ ਮਜਦੂਰ ਯੂਨੀਅਨ (ਸੀਟੂ) ਨੇ ਵੈਟਰਨਰੀ ਇੰਸਪੈਕਟਰਾਂ ਨੂੰ ਬਿਨਾਂ ਦੇਰੀ ਬਹਾਲ ਕਰਨ ਦੀ ਮੰਗ ਕੀਤੀ ਹੈ। ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ (ਸੀਟੂ) ਦੇ ਜਿਲ੍ਹਾ ਕਨਵੀਨਰ ਕਾਮਰੇਡ ਵਰਿੰਦਰ ਕੌਸ਼ਿਕ ਨੇ ਕਿਹਾ ਕਿ ਪੰਜਾਬ ਸਟੇਟ ਵੈਟਰਨਰੀ ਐਸੋਸੀਏਸ਼ਨ ਨੇ ਆਪਣੀਆਂ ਹੱਕੀ ਮੰਗਾਂ ਮੰਨਵਾਉਣ ਲਈ ਭਗਵੰਤ ਮਾਨ ਸਰਕਾਰ ਖਿਲਾਫ ਸੰਘਰਸ਼ ਦਾ ਐਲਾਨ ਕੀਤਾ ਹੈ। ਕਾਮਰੇਡ ਵਰਿੰਦਰ ਕੌਸ਼ਿਕ ਨੇ ਕਿਹਾ ਕਿ ਭਾਰਤ ਨਿਰਮਾਣ ਮਿਸਤਰੀ ਮਜਦੂਰ ਯੂਨੀਅਨ (ਸੀਟੂ) ਵੈਟਰਨਰੀ ਐਸੋਸੀਏਸ਼ਨ ਦੇ ਸੰਘਰਸ਼ ਦੀ ਹਮਾਇਤ ਕਰਦੀ ਹੈ। ਉਨ੍ਹਾਂ ਮੰਗ ਕੀਤੀ ਕਿ ਵੈਟਰਨਰੀ ਇੰਸਪੈਕਟਰਾਂ ਦੀਆਂ ਜਿਲ੍ਹਾ ਪ੍ਰੀਸ਼ਦ ਵਿੱਚ ਤਹਿਤ 582 ਪੋਸਟਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ।
18 ਮਹੀਨੇ ਦੀ ਐਡਹਾਕ ਸਰਵਿਸ ਨੂੰ ਰੈਗੂਲਰ ਮੰਨਿਆ ਜਾਏ, ਪੇਂਡੂ ਭੱਤਾ ਦਿੱਤਾ ਜਾਵੇ, ਨਵੇਂ ਭਰਤੀ ਕੀਤੇ ਵੈਟਰਨਰੀ ਇੰਸਪੈਕਟਰਾਂ ਨੂੰ ਪੂਰੀ ਤਨਖਾਹ ਦਿੱਤੀ ਜਾਵੇ, ਜਿਲ੍ਹਾ ਵੈਟਰਨਰੀ ਇੰਸਪੈਕਟਰ ਨੂੰ ਪੂਰਾ ਸਕੇਲ ਦਿੱਤਾ ਜਾਵੇ। ਕਾਮਰੇਡ ਕੌਸ਼ਿਕ ਨੇ ਸਰਕਾਰ ਤੋੰ ਮੰਗ ਕੀਤੀ ਕਿ ਖਾਲੀ ਅਸਾਮੀਆਂ ਨੂੰ ਤੁਰੰਤ ਭਰਿਆ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਸ਼ੂ ਪਾਲਕ ਜੋ ਪਿਛਲੇ ਸਮੇਂ ਦੌਰਾਨ ਪਸ਼ੂਆਂ ਵਿੱਚ ਆਈ ਲੰਪੀ ਸਕਿੱਨ ਅਤੇ ਮੂੰਹ ਖੁਰ ਦੀ ਬਿਮਾਰੀ ਕਾਰਨ ਲਪੇਟ ਵਿੱਚ ਆਉਣ ਕਰਕੇ ਪੰਜਾਬ ਦੇ ਪਸ਼ੂ ਪਾਲਕ ਦਾ ਆਰਥਿਕ ਤੌਰ ਲੱਕ ਤੋੜਕੇ ਰੱਖ ਦਿੱਤਾ ਹੈ, ਸਰਕਾਰੀ ਪਸ਼ੂ ਹਸਪਤਾਲ ਅਤੇ ਪੇਂਡੂ ਡਿਸਪੈਂਸਰੀਆਂ ਵਿੱਚ ਪਸ਼ੂਆ ਦੀਆਂ ਦਵਾਈਆਂ ਦੀ ਵੱਡੀ ਘਾਟ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਸ਼ੂਆ ਦੇ ਮੁੱਢਲੇ ਇਲਾਜ ਲਈ ਹਰ ਵਕਤ, (ਦਿਨ ਰਾਤ) ਦੀ ਸੇਵਾ ਵੈਟਰਨਰੀ ਇੰਸਪੈਕਟਰ ਹੀ ਨਿਭਾਉਦੇ ਹਨ। ਇਸ ਮੌਕੇ ਲਖਵਿੰਦਰ ਸਿੰਘ ਚਹਿਲ, ਹਰਭਗਵਾਨ ਸ਼ਰਮਾ, ਗੁਰਚਰਨ ਸਿੰਘ ਹਾਂਡਾ, ਸੁਰਿੰਦਰ ਸਿੰਘ, ਗੁਰਜੰਟ ਸਿੰਘ, ਰਾਮ ਸਿੰਘ, ਨਿਰਮਲ ਸਿੰਘ, ਭੂਸ਼ਣ ਲਾਲ, ਗੋਪਾਲ ਸਿੰਘ ਆਦਿ ਹਾਜ਼ਰ ਸਨ।