ਮਾਲੇਰਕੋਟਲਾ : ਅਣ ਏਡਿਡ ਸਟਾਫ ਆਫ ਏਡਿਡ ਸਕੂਲ ਫਰੰਟ ਦੇ ਜ਼ਿਲ੍ਹਾ ਮਾਲੇਰਕੋਟਲਾ ਦੇ ਪ੍ਰਧਾਨ ਸੁਹੇਲ ਮਹਿਬੂਬ ਨੇ ਅੱਜ ਮਾਲੇਰਕੋਟਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਸਾਂਝੀ ਕਰਦਿਆਂ ਦੱਸਿਆ ਕਿ 07 ਜੁਲਾਈ ਨੂੰ ਵਿਸ਼ਾਲ ਪੱਧਰ ਤੇ ਪੰਜਾਬ ਦੇ 469 ਸਕੂਲਾਂ ਦੇ ਅਣ ਏਡਿਡ ਸਟਾਫ ਵੱਲੋਂ ਜਲੰਧਰ ਵਿਖੇ ਪੰਜਾਬ ਸਰਕਾਰ ਵਿਰੁੱਧ ਪਾਰਕ ਨੇੜੇ ਆਰੀਆ ਸੀਨੀਅਰ ਸੈਕੰਡਰੀ ਸਕੂਲ ਤੋਂ ਬਬਰੀਕ ਚੌਂਕ ਤੱਕ ਰੋਸ ਮਾਰਚ ਕੱਢਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਏਡਿਡ ਸਕੂਲਾਂ 'ਚ 2003 ਤੋਂ ਸਰਕਾਰ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹੋਏ ਬਹੁਤ ਹੀ ਘੱਟ ਤਨਖਾਹਾਂ ਤੇ ਕੰਮ ਕਰਕੇ ਅਣ ਏਡਿਡ ਕਰਮਚਾਰੀਆ ਨੇ ਸਕੂਲਾਂ ਨੂੰ ਬਚਾ ਕੇ ਰੱਖਿਆ ਹੈ ਅਤੇ ਲਗਭਗ ਢਾਈ ਲੱਖ ਦੇ ਕਰੀਬ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰ ਰਹੇ ਹਨ। ਪਰ ਸਰਕਾਰ ਵੱਲੋਂ ਉਨ੍ਹਾਂ ਨੂੰ ਕੁੱਝ ਵੀ ਨਹੀਂ ਦਿੱਤਾ ਜਾਂਦਾ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਨੇ ਭਾਵੇਂ 6ਵੇਂ ਪੇਅ ਕਮਿਸ਼ਨ ਵੀ ਇਨ੍ਹਾਂ ਸਕੂਲਾਂ 'ਚ 1 ਜੁਲਾਈ ਤੋਂ ਲਾਗੂ ਕਰ ਦਿੱਤਾ ਹੈ, ਪਰ ਇਨ੍ਹਾਂ ਸਕੂਲਾਂ 'ਚ ਅਣ ਏਡਿਡ ਕਰਮਚਾਰੀਆਂ ਨੂੰ ਪੱਕਾ ਨਹੀਂ ਕੀਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਪਿਛਲੇ ਸਮੇਂ ਸਾਡੀਆਂ ਸਰਕਾਰ ਨਾਲ ਕਈ ਮੀਟਿੰਗਾਂ ਬੇਸਿੱਟਾ ਰਹੀਆਂ ਹਨ। ਇਸ ਮੌਕੇ ਜ਼ਿਲਾ ਮਾਲੇਰਕੋਟਲਾ ਦੇ ਉੱਪ ਪ੍ਰਧਾਨ ਸ਼ਮਸ਼ਾਦ ਅਲੀ ਅਤੇ ਹੋਰ ਅਣ ਏਡਿਡ ਕਰਮਚਾਰੀ ਵੀ ਮੌਜੂਦ ਸਨ।