ਸ਼ਹਿਰ ਨਿਵਾਸੀਆਂ ਨੂੰ ਘਰ ਦਾ ਗਿੱਲਾ ਤੇ ਸੂਕਾ ਕੂੜਾ ਅਲੱਗ ਅਲੱਗ ਰੱਖਣ ਦੀ ਅਪੀਲ
ਮੰਡੀ ਗੋਬਿੰਦਗੜ੍ਹ : ਨਗਰ ਕੌਂਸਲ, ਮੰਡੀ ਗੋਬਿੰਦਗੜ੍ਹ ਵੱਲੋਂ ਲਾਏ ਜਾ ਰਹੇ ਬਾਇਓ-ਮੈਥੀਨੈਸ਼ਨ ਪਲਾਂਟ ਦਾ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀਮਤੀ ਈਸ਼ਾ ਸਿੰਗਲ ਵੱਲੋਂ ਜਾਇਜ਼ਾ ਲਿਆ ਗਿਆ, ਇਹ ਪਲਾਂਟ ਬਣ ਕੇ ਤਿਆਰ ਹੈ। ਇਸ ਪਲਾਂਟ ਵਿੱਚ ਨਗਰ ਕੌਂਸਲ ਵੱਲੋਂ ਵੈੱਟ ਵੈਸਟ (ਗਿੱਲਾ ਕੂੜਾ) ਤੋਂ ਬਿਜਲੀ ਪੈਦਾ ਕੀਤੀ ਜਾਣੀ ਹੈ।
ਬਾਇਓ-ਮੈਥੀਨੈਸ਼ਨ ਪਲਾਂਟ ਦੀ ਪ੍ਰਸ਼ੰਸ਼ਾ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਦੇ ਨਾਲ ਗਿੱਲੇ ਕੂੜੇ ਦਾ ਅਤੇ ਐਮ.ਆਰ.ਐਫ ਸ਼ੈੱਡ ਵਿੱਚ ਸੁੱਕੇ ਕੂੜੇ ਨਿਪਟਾਰਾ ਬਹੁਤ ਵਧੀਆ ਤਰੀਕੇ ਨਾਲ ਹੋਵੇਗਾ ਅਤੇ ਇਸ ਨਾਲ ਨਗਰ ਕੌਂਸਲ ਨੂੰ ਆਮਦਨ ਵੀ ਹੋਵੇਗੀ।
ਇਸ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਨਗਰ ਕੌਂਸਲ ਗੋਬਿੰਦਗੜ੍ਹ ਦੀ ਡੰਪ ਸਾਈਟ, ਐਮ.ਆਰ.ਐਫ. ਸ਼ੈੱਡ ਦਾ ਦੌਰਾ ਕੀਤਾ ਗਿਆ ਅਤੇ ਜਲਦੀ ਤੋਂ ਜਲਦੀ ਡੰਪ ਸਾਈਟ ਦੀ ਰੈਮੀਡੀਏਸ਼ਨ ਕਰਵਾਉਣ ਲਈ ਕਿਹਾ ਗਿਆ।
ਸ਼੍ਰੀਮਤੀ ਸਿੰਗਲ ਵੱਲੋਂ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਘਰ ਦਾ ਗਿੱਲਾ ਤੇ ਸੂਕਾ ਕੂੜਾ ਅਲੱਗ ਅਲੱਗ ਰੱਖਣ ਕਿਉਂਕਿ ਇਸਦੇ ਨਾਲ ਸ਼ਹਿਰ ਦੇ ਕੂੜੇ ਦਾ ਨਿਪਟਾਰਾ ਵਧੀਆ ਤਰੀਕੇ ਨਾਲ ਹੋ ਸਕਦਾ ਹੈ। ਇਸ ਨਾਲ ਸ਼ਹਿਰ ਵਿਚ ਕੂੜਾ ਘੱਟ ਮਾਤਰਾ ਵਿੱਚ ਪੈਂਦਾ ਹੋਵੇਗਾ ਅਤੇ ਇਸ ਤੋਂ ਬਿਨਾਂ ਪਲਾਸਟਿਕ ਦੇ ਲਿਫਾਫਿਆ ਦੀ ਵਰਤੋਂ ਨਾ ਕਰਨ ਬਾਰੇ ਵੀ ਅਪੀਲ ਕੀਤੀ ਗਈ।
ਇਸ ਮੌਕੇ ਸ੍ਰੀ ਕੁਲਵੀਰ ਸਿੰਘ ਬਰਾੜ ਕਾਰਜ ਸਾਧਕ ਅਫ਼ਸਰ ਅਤੇ ਸੁਪਰਡੈਂਟ ਸੰਦੀਪ ਸ਼ਰਮਾ ਜੀ ਵੱਲੋਂ ਸ਼ਹਿਰ ਨਿਵਾਸੀਆਂ ਨੂੰ ਸਮੱਸਿਆਵਾ ਦਾ ਹੱਲ ਕਰਨ ਦਾ ਭਰੋਸਾ ਦਿਵਾਇਆ ਗਿਆ।